ਪ੍ਰਿੰਸ ਚਾਰਲਸ ਨੇ ਬਤੌਰ ਰਾਜਾ ਦਖਲ ਨਾ ਦੇਣ ਦਾ ਜਤਾਇਆ ਤਹੱਈਆ

11/08/2018 7:03:49 PM

ਲੰਡਨ (ਏ.ਐਫ.ਪੀ.)- ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਬੁੱਧਵਾਰ ਨੂੰ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਭਵਿੱਖ ਨੂੰ ਲੈ ਕੇ ਆਪਣੀ ਭੂਮਿਕਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਜਾ ਬਣਦੇ ਹਨ ਤਾਂ ਉਹ ਇੰਨੇ ਮੂਰਖ ਨਹੀਂ ਹਨ ਕਿ ਵਿਵਾਦਪੂਰਨ ਜਨਤਕ ਮੁੱਦਿਆਂ 'ਤੇ ਬੋਲਣ। ਮਹਾਰਾਨੀ ਐਲੀਜ਼ਾਬੇਥ-2 ਦੇ ਸਭ ਤੋਂ ਵੱਡੇ ਪੁੱਤਰ ਪ੍ਰਿੰਸ ਚਾਰਲਸ ਨੂੰ ਰਸਮੀ ਤੌਰ 'ਤੇ ਪ੍ਰਿੰਸ ਆਫ ਵੇਲਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਆਪਣੇ 70ਵੇਂ ਜਨਮ ਦਿਨ ਨੂੰ ਲੈ ਕੇ ਅਗਲੇ ਹਫਤੇ ਬਣ ਰਹੀ ਇਕ ਡਾਕਿਊਮੈਂਟਰੀ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਬਤੌਰ ਰਾਜਾ ਦਖਲ ਦੇਣ ਦੇ ਇਛੁੱਕ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਅਹਿਸਾਸ ਹੈ ਕਿ ਇਕ ਰਾਜਾ ਵਜੋਂ ਇਸ ਵਿਚ ਵੱਖਰੀ ਜ਼ਿੰਮੇਵਾਰੀ ਹੁੰਦੀ ਹੈ। ਜ਼ਾਹਿਰ ਹੈ, ਇਸ ਲਈ ਮੈਂ ਪੂਰੀ ਤਰ੍ਹਾਂ ਨਾਲ ਸਮਝਦਾ ਹਾਂ ਕਿ ਇਸ ਨੂੰ ਕਿਵੇਂ ਨਿਭਾਉਣਾ ਚਾਹੀਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਜਨਤਕ ਪ੍ਰਚਾਰ ਮੁਹਿੰਮ ਨੂੰ ਜਾਰੀ ਰੱਖਣਗੇ, ਇਸ 'ਤੇ ਉਨ੍ਹਾਂ ਨੇ ਕਿਹਾ ਕਿ ਨਹੀਂ ਇਹ ਨਹੀਂ ਹੋਵੇਗਾ।

ਮੈਂ ਇੰਨਾ ਮੂਰਖ ਨਹੀਂ ਹਾਂ। ਫਿਲਹਾਲ ਪ੍ਰਿੰਸ ਚਾਰਲਸ ਕਈ ਮੁੱਦਿਆਂ 'ਤੇ ਲਾਬੀ (ਰਾਇਸ਼ੁਮਾਰੀ ਤਿਆਰ ਕਰਨਾ) ਕਰ ਚੁੱਕੇ ਹਨ, ਜੋ ਉਨ੍ਹਾਂ ਦੇ ਅਤੇ ਸਰਕਾਰ ਦੇ ਮੰਤਰੀਆਂ ਵਿਚਾਲੇ ਹੋਏ ਕਈ ਪੱਤਰਾਚਾਰਾਂ ਵਿਚ ਨਜ਼ਰ ਆਉਂਦਾ ਹੈ। ਇਨ੍ਹਾਂ ਨੂੰ ਬਲੈਕ ਸਪਾਈਡਰ ਮੈਮੋ ਕਿਹਾ ਜਾਂਦਾ ਹੈ। ਸਮਕਾਲੀਨ ਵਾਸਤੂਸ਼ਿਲਪ ਡਿਜ਼ਾਈਨ 'ਤੇ ਵੀ ਉਹ ਮਜ਼ਬੂਤ ਵਿਚਾਰ ਰੱਖਣ ਲਈ ਜਾਣੇ ਜਾਂਦੇ ਹਨ। ਇਹ ਡਾਕਿਊਮੈਂਟਰੀ ਰਾਜਾ ਬਣਨ ਦੇ ਸਬੰਧ ਵਿਚ ਪ੍ਰਿੰਸ ਚਾਰਲਸ ਦੇ ਵਿਚਾਰਾਂ ਦੀ ਇਕ ਦੁਰਲਭ ਜਨਤਕ ਝਲਕ ਪੇਸ਼ ਕਰਦੀ ਹੈ।