ਨਿਊਯਾਰਕ ਪੁਲਸ ਵਿਭਾਗ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਲਈ ਭੇਜੇਗਾ 200 ਅਧਿਕਾਰੀ

01/12/2021 10:58:57 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਲਈ ਰਾਜਧਾਨੀ ਦੇ ਸੁਰੱਖਿਆ ਬਲਾਂ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਪੁਲਸ ਵਿਭਾਗ ਘੱਟੋ-ਘੱਟ 200 ਅਧਿਕਾਰੀਆਂ ਨੂੰ ਭੇਜ ਰਿਹਾ ਹੈ।

ਵਾਸ਼ਿੰਗਟਨ ਪੁਲਸ ਅਧਿਕਾਰੀਆਂ ਅਨੁਸਾਰ ਮੈਟਰੋਪੋਲੀਟਨ ਪੁਲਸ ਵਿਭਾਗ ਦੀ ਬੇਨਤੀ ਤੋਂ ਬਾਅਦ ਪੁਲਸ ਅਧਿਕਾਰੀਆਂ ਦਾ ਇਹ ਦਸਤਾ ਬਾਈਡੇਨ ਦੇ ਰਸਤੇ ਨੂੰ ਸੁਰੱਖਿਅਤ ਕਰਨ ਵਿਚ ਸਹਾਇਤਾ ਕਰੇਗਾ। ਟਰੰਪ ਦੇ ਹਮਾਇਤੀਆਂ ਵੱਲੋਂ ਰਾਜਧਾਨੀ ਵਿਚ ਹਿੰਸਕ ਹਮਲੇ ਕੀਤੇ ਜਾਣ ਤੋਂ ਬਾਅਦ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ਲਈ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਖਦਸ਼ਾ ਹੈ। 

ਇਸ ਲਈ ਸੁਰੱਖਿਆ ਕਾਰਨਾਂ ਕਰਕੇ ਐਸੋਸੀਏਟਡ ਪ੍ਰੈੱਸ ਅਨੁਸਾਰ ਦੇਸ਼ ਦੇ ਛੇ ਸੂਬਿਆਂ ਵਰਜੀਨੀਆ, ਪੈਨਸਿਲਵੇਨੀਆ, ਨਿਊਯਾਰਕ, ਨਿਊਜਰਸੀ, ਡੇਲਾਵੇਅਰ ਅਤੇ ਮੈਰੀਲੈਂਡ ਵਿਚੋਂ ਨੈਸ਼ਨਲ ਗਾਰਡਾਂ ਦੇ ਲਗਭਗ 6,200 ਮੈਂਬਰ ਅਗਲੇ ਕੁੱਝ ਦਿਨਾਂ ਲਈ ਵਾਸ਼ਿੰਗਟਨ ਵਿਚ ਕੈਪੀਟਲ ਪੁਲਸ ਅਤੇ ਹੋਰ ਕਾਨੂੰਨੀ ਪ੍ਰਣਾਲੀਆਂ ਦੀ ਸਹਾਇਤਾ ਕਰਨਗੇ। 

ਰਾਜਧਾਨੀ ਵਿਚ ਸੁਰੱਖਿਆ ਲਈ ਲਗਭਗ ਦੋ ਹਫ਼ਤੇ ਪਹਿਲਾਂ, ਐੱਨ. ਵਾਈ. ਪੀ. ਡੀ ਦੀ ਹਰ ਕਮਾਂਡ ਵਿਚੋਂ 17 ਤੋਂ 21 ਜਨਵਰੀ ਤੱਕ ਵਾਸ਼ਿੰਗਟਨ ਵਿਚ ਰਾਸ਼ਟਰਪਤੀ ਉਦਘਾਟਨੀ ਟਾਸਕ ਫੋਰਸ ਵਿਚ ਸ਼ਾਮਲ ਹੋਣ ਲਈ ਤਿੰਨ ਅਧਿਕਾਰੀਆਂ ਨੂੰ ਭੇਜਣ ਲਈ ਕਿਹਾ ਗਿਆ ਸੀ। ਸਾਲ 2021 ਦਾ ਇਹ ਮਹੱਤਵਪੂਰਨ ਸਮਾਗਮ ਕੋਵਿਡ-19 ਮਹਾਮਾਰੀ ਦੇ ਕਾਰਨ ਆਮ ਨਾਲੋਂ ਬਹੁਤ ਛੋਟੇ ਪੱਧਰ 'ਤੇ ਆਯੋਜਿਤ ਕੀਤਾ ਜਾਵੇਗਾ। ਇਸ ਸੰਬੰਧੀ  ਬਾਈਡੇਨ ਨੇ ਵੀ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਡੀ.ਸੀ. ਦੀ ਯਾਤਰਾ ਤੋਂ ਗੁਰੇਜ਼ ਕਰਨ ਅਤੇ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਮੂਰੀਅਲ ਬਾਓਸਰ ਨੇ ਵੀ ਫੈਡਰਲ ਅਧਿਕਾਰੀਆਂ ਨੂੰ ਇਸ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ ਹੈ।
 

Sanjeev

This news is Content Editor Sanjeev