ਟਰੰਪ ਨੇ ਰੋਨਿਲ ਸਿੰਘ ਦੇ ਪਰਿਵਾਰ ਨਾਲ ਕੀਤੀ ਗੱਲਬਾਤ

01/04/2019 10:06:19 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਹਫਤੇ ਕੈਲੀਫੋਰਨੀਆ ਵਿਚ ਮਾਰੇ ਗਏ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਰੋਨਿਲ 'ਰੋਨ' ਸਿੰਘ ਦੇ ਪਰਿਵਾਰ ਵਾਲਿਆਂ ਅਤੇ ਸਾਥੀ ਪੁਲਸ ਅਧਿਕਾਰੀਆਂ ਨਾਲ ਵੀਰਵਾਰ ਨੂੰ ਗੱਲਬਾਤ ਕੀਤੀ। ਰੋਨਿਲ ਨੂੰ ਕਥਿਤ ਰੂਪ ਨਾਲ ਗੈਰ ਕਾਨੂੰਨੀ ਪ੍ਰਵਾਸੀ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਨਿਊਮੇਨ ਪੁਲਸ ਵਿਭਾਗ ਵਿਚ ਅਧਿਕਾਰੀ ਰੋਨਿਲ ਸਿੰਘ (33) 26 ਦਸੰਬਰ ਨੂੰ ਆਪਣੀ ਡਿਊਟੀ 'ਤੇ ਤਾਇਨਾਤ ਸਨ, ਉਸੇ ਦਿਨ ਸਥਾਨਕ ਸਮੇਂ ਮੁਤਾਬਕ ਦੇਰ ਰਾਤ ਇਕ ਵਜੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਜਿਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ। 

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ,''ਵੀਰਵਾਰ ਦੁਪਹਿਰ ਰਾਸ਼ਟਰਪਤੀ ਟਰੰਪ ਨੇ ਪੁਲਸ ਅਧਿਕਾਰੀ ਰੋਨਿਲ  'ਰੋਨ' ਸਿੰਘ ਦੇ ਪਰਿਵਾਰ ਅਤੇ ਨਿਊਮੇਨ ਵਿਭਾਗ ਵਿਚ ਉਨ੍ਹਾਂ ਦੇ ਸਾਥੀ ਪੁਲਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ।'' ਰੋਨਿਲ ਜੁਲਾਈ 2011 ਵਿਚ ਪੁਲਸ ਵਿਭਾਗ ਵਿਚ ਸ਼ਾਮਲ ਹੋਏ ਸਨ। ਸੈਂਡਰਸ ਨੇ ਕਿਹਾ,''ਰਾਸ਼ਟਰਪਤੀ ਨੇ ਦੇਸ਼ ਦੇ ਨਾਗਰਿਕਾਂ ਲਈ ਰੋਨਿਲ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਹਮਦਰਦੀ ਪ੍ਰਗਟ ਕਰਦਿਆਂ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਸ਼ੱਕੀ ਨੂੰ ਤੁਰੰਤ ਹਿਰਾਸਤ ਵਿਚ ਲੈਣ ਦਾ ਨਿਰਦੇਸ਼ ਦਿੱਤਾ।'' 

ਸੈਂਡਰਸ ਨੇ ਕਿਹਾ,''ਰਾਸ਼ਟਰਪਤੀ ਨੇ ਰੋਨਿਲ ਦੀ ਪਤਨੀ ਅਨਾਮਿਕਾ 'ਮਿਕਾ' ਚਾਂਦ ਸਿੰਘ, ਨਿਊਮੇਨ ਕੈਲੀਫੋਰਨੀਆ ਪੁਲਸ ਮੁਖੀ ਰੈਂਡੀ ਰਿਚਰਡਸਨ ਅਤੇ ਸਟੇਨਿਸਲਾਸ ਕਾਊਂਟੀ, ਕੈਲੀਫੋਰਨੀਆ ਦੇ ਸ਼ੈਰਿਫ ਐਡਮ ਕ੍ਰਿਸ਼ਚਿਨਸਨ ਨਾਲ ਫੋਨ 'ਤੇ ਗੱਲਬਾਤ ਕੀਤੀ।'' ਕੈਲੀਫੋਰਨੀਆ ਪੁਲਸ ਨੇ ਇਸ ਮਾਮਲੇ ਵਿਚ ਮੈਕਸੀਕੋ ਤੋਂ ਆਏ ਇਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ 33 ਸਾਲਾ ਗੁਸਤਾਵ ਪੇਰੇਜ ਏਰਿਐਗਾ ਦੇ ਰੂਪ ਵਿਚ ਹੋਈ ਹੈ ਉਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਪੁਲਸ ਅਧਿਕਾਰੀ ਨੂੰ ਗੋਲੀ ਮਾਰ ਕੇ ਵਾਪਸ ਮੈਕਸੀਕੋ ਭੱਜ ਗਿਆ। ਦੋਸ਼ੀ ਨੂੰ ਪਹਿਲਾਂ ਵੀ ਸ਼ਰਾਬ ਜਾਂ ਦੂਜੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਦੋ ਵਾਰੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਉਸ ਦੇ ਇਕ ਗਿਰੋਹ ਨਾਲ ਵੀ ਸਬੰਧ ਹਨ।

Vandana

This news is Content Editor Vandana