2020 'ਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਸਕਦੀ ਹੈ ਇਹ ਭਾਰਤੀ ਮਹਿਲਾ

12/13/2018 2:44:56 PM

ਵਾਸ਼ਿੰਗਟਨ(ਏਜੰਸੀ)— ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਕਿਹਾ ਕਿ ਉਹ 2020 'ਚ ਰਾਸ਼ਟਰਪਤੀ ਚੋਣਾਂ ਲੜਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਡੈਮੋਕ੍ਰੇਟਿਕ ਸੰਸਦ ਮੈਂਬਰ ਤੁਲਸੀ ਨੇ ਪਹਿਲੀ ਵਾਰ ਰਾਸ਼ਟਰਪਤੀ ਚੋਣ ਲੜਨ ਦੇ ਸੰਕੇਤ ਦਿੱਤੇ ਹਨ। ਭਾਰਤੀ ਮੂਲ ਦੀ ਤੁਲਸੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਚੋਣ 'ਚ ਉਤਰਨ ਦੇ ਸਬੰਧ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ,''ਮੈਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹਾਂ।''

ਉਨ੍ਹਾਂ ਨੇ ਕਿਹਾ,''ਮੈਂ ਆਪਣੇ ਦੇਸ਼ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਾਂ। ਮੈਂ ਇਸ ਦੇ ਲਈ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਹੀ ਹਾਂ।'' ਜੇਕਰ ਤੁਲਸੀ ਰਾਸ਼ਟਰਪਤੀ ਚੋਣਾਂ 'ਚ ਉਤਰਨ ਦੀ ਘੋਸ਼ਣਾ ਕਰਦੀ ਹੈ ਤਾਂ ਉਹ ਅਮਰੀਕਾ 'ਚ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਪਹਿਲੀ ਹਿੰਦੂ ਉਮੀਦਵਾਰ ਹੋਵੇਗੀ। 2020 'ਚ ਚੁਣੇ ਜਾਣ 'ਤੇ ਉਹ ਅਮਰੀਕਾ ਦੀ ਸਭ ਤੋਂ ਜਵਾਨ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ। ਨਵੰਬਰ 2020 'ਚ ਹੋਣ ਵਾਲੀਆਂ ਚੋਣਾਂ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ 2020 ਦੇ ਸ਼ੁਰੂਆਤੀ ਮਹੀਨਿਆਂ 'ਚ ਹੋਣ ਵਾਲੀ ਚੋਣ 'ਚ ਆਪਣੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਖਿਲਾਫ ਲੜਨਾ ਪਵੇਗਾ। ਪਿਛਲੇ ਕੁਝ ਹਫਤਿਆਂ ਤੋਂ ਇਸ ਮੁੱਦੇ 'ਤੇ ਪ੍ਰਤੀਕਿਰਿਆ ਪਤਾ ਕਰਨ ਲਈ ਤੁਲਸੀ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਗੱਲ ਕਰ ਰਹੀ ਹੈ ਅਤੇ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਨਾਲ ਸੰਪਰਕ ਕਰ ਰਹੀ ਹੈ।