ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 2019 'ਚ ਵੱਡੇ ਪੱਧਰ 'ਤੇ ਮਨਾਵਾਂਗੇ : ਪ੍ਰੀਮੀਅਰ

09/28/2018 11:11:23 AM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਵਿਚ ਵਿਕਟੋਰੀਆ ਦੇ ਪ੍ਰੀਮੀਅਰ ਨੇ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਲੇਬਰ ਪਾਰਟੀ ਦੀ ਸਰਕਾਰ ਮੁੜ ਹੋਂਦ ਵਿਚ ਆਉਂਦੀ ਹੈ ਤਾਂ ਨਵੰਬਰ 2019 ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਤੋਂ ਬਾਅਦ ਸਰਕਾਰੀ  ਤੌਰ 'ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਪ੍ਰੀਮੀਅਰ ਨੇ ਕਿਹਾ ਕਿ ਇਸ ਲਈ 200,000 ਡਾਲਰ ਦੀ ਗ੍ਰਾਂਟ ਵੀ ਦਿੱਤੀ ਜਾਵੇਗੀ। ਇਸ ਨਾਲ ਇਹ ਦਿਹਾੜਾ ਹਰ ਸਾਲ ਮਨਾਇਆ ਜਾਵੇਗਾ। 

ਪ੍ਰੀਮੀਅਰ ਨੇ ਅੱਗੇ ਕਿਹਾ ਕਿ ਜੇਕਰ ਸਾਡੀ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਉਹ ਹਰ ਸਾਲ ਵਿਸਾਖੀ ਲਈ 70,000 ਡਾਲਰ ਦਾ ਫੰਡ ਵੀ ਦਿਆ ਕਰੇਗੀ। ਇਸ ਦੇ ਇਲਾਵਾ ਸਰਕਾਰ ਅਗਲੇ ਸਾਲ ਇੱਥੇ ਹੋਣ ਵਾਲੀਆਂ ਸਿੱਖ ਖੇਡਾਂ ਲਈ ਵੀ ਪੂਰਾ ਸਹਿਯੋਗ ਦੇਵੇਗੀ ਅਤੇ ਉਸ ਲਈ ਵੀ ਵੱਖਰੀ ਗ੍ਰਾਂਟ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਭਾਈਚਾਰਾ ਆਸਟ੍ਰੇਲੀਆ ਵਿਚ ਸਭ ਤੋਂ ਸ਼ਕਤੀਸ਼ਾਲੀ ਹੈ ਅਤੇ ਇਸ ਦੀ ਕਦਰ ਕਰਦੇ ਹਾਂ। ਵਿਕਟੋਰੀਆ ਵਿਚ 50 ਹਜ਼ਾਰ ਤੋਂ ਵੱਧ ਸਿੱਖ ਰਹਿੰਦੇ ਹਨ। ਇਸ ਮੌਕੇ ਸਿੱਖ ਆਗੂਆਂ ਵੱਲੋਂ ਇਸ ਦਿਨ ਨੂੰ ਇਤਿਹਾਸਿਕ ਦਿਨ ਮੰਨਿਆ ਗਿਆ। ਪ੍ਰੀਮੀਅਰ ਵੱਲੋਂ ਸਿੱਖਾਂ ਦੇ ਮੁੱਦਿਆਂ ਨੂੰ ਬੜੇ ਹੀ ਗੌਰ ਨਾਲ ਸੁਣਿਆ ਗਿਆ ਅਤੇ ਸਾਰੀਆਂ ਸਮੱਸਿਆਵਾਂ ਬਾਰੇ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ। ਗੁਰੂ ਸਾਹਿਬ ਦੇ ਗੁਰਪੁਰਬ ਨੂੰ ਮਨਾਉਣ ਬਾਰੇ ਵੀ ਪ੍ਰੀਮੀਅਰ ਦਾ ਧੰਨਵਾਦ ਕੀਤਾ ਗਿਆ।