ਇਟਲੀ ''ਚ ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪ੍ਰਕਾਸ਼ ਪੁਰਬ

02/16/2022 3:08:51 PM

ਰੋਮ/ਇਟਲੀ (ਕੈਂਥ) - ਦੁਨੀਆ ਭਰ ਵਿਚ ਸਮੂਹ ਸੰਗਤਾਂ ਵੱਲੋਂ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪ੍ਰਕਾਸ਼ ਦਿਵਸ ਬਹੁਤ ਹੀ ਸ਼ਰਧਾ ਭਾਵਨਾ,ਉਤਸ਼ਹ ਅਤੇ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਇਟਲੀ ਵਿਚ ਵੀ ਇਸ ਪਵਿੱਤਰ ਦਿਹਾੜੇ ਮੌਕੇ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਸਵੇਰ ਤੋਂ ਨਤਮਸਤਕ ਹੋ ਰਹੀਆਂ ਹਨ ਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕਰ ਰਹੀਆਂ ਹਨ।

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਆਗਮਨ ਪੁਰਬ ਮੌਕੇ ਇਟਲੀ ਦੀਆਂ ਪ੍ਰਮੱਖ ਸਖ਼ਸੀਅਤਾਂ ਵਿਚ ਗਿਆਨੀ ਸੁਰਿੰਦਰ ਸਿੰਘ ਮੁੱਖ ਗ੍ਰੰਥੀ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ), ਗਿਆਨੀ ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਅਪਰੀਲੀਆ (ਲਾਤੀਨਾ), ਭਾਈ ਅਜੀਤਪਾਲ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਆਦਿ ਨੇ ਸਮੂਹਕ ਤੌਰ 'ਤੇ ਸਤਿਗੁਰਾਂ ਦੀ ਉਪਮਾ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੋਂ ਪ੍ਰੇਰਨਾ ਲੈਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗਰੀਬ ਤੇ ਮਜ਼ਲੂਮ ਲੋਕਾਂ ਨੂੰ ਸਮਾਜ ਵਿਚ ਬਰਾਬਰਤਾ ਦਾ ਰੁੱਤਬਾ ਲੈਕੇ ਦੇਣ ਵਿਚ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦੀ ਕ੍ਰਿਪਾ ਸਦਕਾ ਹੀ ਛੂਆਛਾਤ ਵਾਲੇ ਸਮਾਜ ਦਾ ਅੰਤ ਹੋ ਸਕਿਆ ਹੈ।

ਸਤਿਗੁਰ ਰਵਿਦਾਸ ਮਹਾਰਾਜ ਜਿਹਨਾਂ ਦੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਸੁਸ਼ੋਭਿਤ ਹੈ ਉਹਨਾਂ ਸਦਾ ਹੀ ਸਮਾਜ ਨੂੰ ਵਹਿਮਾਂ-ਭਰਮਾਂ ਤੋਂ ਬਾਹਰ ਨਿਕਲਣ ਦਾ ਹੋਕਾ ਦਿੱਤਾ। ਇਟਲੀ ਦੇ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ, ਗੁਰਦੁਆਰਾ ਸਾਹਿਬ ਸਿੰਘ ਸਭਾ ਅਪਰੀਲੀ ਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ 20 ਫਰਵਰੀ 2022 ਦਿਨ ਐਤਵਾਰ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦਾ 645ਵਾਂ ਆਗਮਨ ਪੁਰਬ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਕੀਰਤਨੀ, ਰਾਗੀ, ਢਾਡੀ ਤੇ ਕਥਾ ਵਾਚਕ ਸਤਿਗੁਰਾਂ ਦੀ ਮਹਿਮਾਂ ਦਾ ਗੁਣਗਾਨ ਕਰਨਗੇ।

cherry

This news is Content Editor cherry