ਅਫਗਾਨ ਰੱਖਿਆ ਮੰਤਰੀ ਦੇ ਘਰ ਦੇ ਬਾਹਰ ਧਮਾਕਾ, ਕਾਰ ਬੰਬ ਨਾਲ ਹਮਲੇ ਨੂੰ ਦਿੱਤਾ ਗਿਆ ਅੰਜਾਮ

08/04/2021 12:16:14 AM

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੰਗਲਵਾਰ ਸ਼ਾਮ ਕਈ ਧਮਾਕੇ ਹੋਏ। ਜਿਨ੍ਹਾਂ ਇਲਾਕਿਆਂ ਵਿੱਚ ਧਮਾਕੇ ਹੋਏ ਹਨ, ਉੱਥੇ ਕਈ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਘਰ ਹਨ। ਹਾਲਾਂਕਿ ਹਾਦਸਿਆਂ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਆਂਤਰਿਕ ਮੰਤਰੀ ਮੀਰਵਾਇਜ਼ ਸਟੇਨਿਕਜ਼ਈ ਮੁਤਾਬਕ ਇਹ ਧਮਾਕੇ ਸ਼ੇਰਪੁਰ ਦੇ ਗੁਆਂਢੀ ਇਲਾਕਿਆਂ ਵਿੱਚ ਹੋਏ ਹਨ। ਰਾਜਧਾਨੀ ਦੇ ਬੇਹੱਦ ਸੁਰੱਖਿਅਤ ਇਲਾਕਿਆਂ ਵਿੱਚ ਹੋਣ ਦੇ ਚੱਲਦੇ ਇਨ੍ਹਾਂ ਨੂੰ ਗ੍ਰੀਨ ਜ਼ੋਨ ਕਿਹਾ ਜਾਂਦਾ ਹੈ। ਉਥੇ ਹੀ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾਹ ਮੁਹੰਮਦ ਦੇ ਘਰ ਦੇ ਬਾਹਰ ਵੀ ਧਮਾਕਾ ਹੋਇਆ ਹੈ। ਸਥਾਨਕ ਮੀਡੀਆ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਹ ਧਮਾਕਾ ਸ਼ਾਮ ਕਰੀਬ 8 ਵਜੇ ਹੋਇਆ। ਧਮਾਕੇ ਦੇ ਕੁੱਝ ਦੇਰ ਬਾਅਦ ਉੱਥੋਂ ਧੂੰਆਂ ਉੱਠਦਾ ਵੇਖਿਆ ਗਿਆ। ਅਫਗਾਨ ਮੀਡੀਆ ਨੇ ਟਵੀਟ ਕਰ ਦੱਸਿਆ ਕਿ ਇਹ ਇੱਕ ਕਾਰ ਬੰਬ ਹਮਲਾ ਸੀ। 

ਇਹ ਵੀ ਪੜ੍ਹੋ - ਬ੍ਰਿਟੇਨ ’ਚ ਹੁਣ ਟੈਫ ਦਰਿਆ ’ਤੇ ਫੁੱਲ ਪ੍ਰਵਾਹ ਕਰਨਗੇ ਹਿੰਦੂ-ਸਿੱਖ ਭਾਈਚਾਰੇ

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਸੁਰੱਖਿਆ ਬਲਾਂ ਅਤੇ ਤਾਲਿਬਾਨ ਦੇ ਵਿੱਚ ਕਈ ਇਲਾਕਿਆਂ ਵਿੱਚ ਜ਼ਬਰਦਸਤ ਸੰਘਰਸ਼ ਜਾਰੀ ਹੈ। ਲਸ਼ਕਰਗੜ੍ਹ, ਦੱਖਣੀ ਹੇਲਮੰਦ ਪ੍ਰਾਂਤ ਅਤੇ ਫਰੰਟਲਾਈਨ ਇਲਾਕਿਆਂ ਵਿੱਚ ਅਫਗਾਨ ਫੌਜੀ ਬਲ ਹਮਲਾਵਰ ਹਨ। ਇਨ੍ਹਾਂ ਵਿੱਚ ਉਹ ਇਲਾਕਾ ਵੀ ਸ਼ਾਮਲ ਹੈ, ਜਿੱਥੇ ਅਮਰੀਕਾ ਨੇ ਸੋਮਵਾਰ ਨੂੰ ਹਵਾਈ ਹਮਲੇ ਕੀਤੇ ਸਨ। ਪਿਛਲੇ ਕੁੱਝ ਹਫਤਿਆਂ ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਦੇ ਕਈ ਜ਼ਿਲ੍ਹਿਆਂ 'ਤੇ ਕਬਜ਼ਾ ਜਮਾਂ ਲਿਆ ਹੈ। ਇਨ੍ਹਾਂ ਵਿੱਚ ਦੇਸ਼ ਦਾ ਉੱਤਰੀ ਪੂਰਬੀ ਸੂਬਾ ਤਖਾਰ ਵੀ ਸ਼ਾਮਲ ਹੈ। ਜੇਕਰ ਪੂਰੇ ਦੇਸ਼ ਭਰ ਦੀ ਗੱਲ ਕਰੀਏ ਤਾਂ ਤਾਲਿਬਾਨ ਦੇ ਕਾਬੂ ਵਿੱਚ 223 ਜ਼ਿਲ੍ਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।

Inder Prajapati

This news is Content Editor Inder Prajapati