ਪ੍ਰਸਿੱਧ ਲੇਖਕ, ਸੰਗੀਤਕਾਰ ਅਤੇ ਗੀਤਕਾਰ ਜਨਾਬ ਪ੍ਰੀਤ ਮਹਿੰਦਰ ਤਿਵਾੜੀ ਦਾ ਹੋਇਆ ਦਿਹਾਂਤ

08/19/2017 6:42:14 AM

ਰੋਮ ਇਟਲੀ (ਕੈਂਥ)— ਆਪਣੀ ਕਲਮ ਅਤੇ ਸੰਗੀਤ ਦੇ ਜ਼ਰੀਏ ਪੰਜਾਬੀ ਸੰਗੀਤ ਨੂੰ ਸਿਖਰਾਂ ਤੱਕ ਲੈ ਜਾਣ ਵਾਲੇ ਪੰਜਾਬੀ ਗੀਤਕਾਰੀ ਦੇ ਥੰਮ ਜਨਾਬ ਪ੍ਰੀਤ ਮਹਿੰਦਰ ਤਿਵਾੜੀ ਜੀ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਨਾਲ ਸਮੁੱਚੇ ਪੰਜਾਬੀ ਸੰਗੀਤਕ ਖੇਤਰ ਵਿੱਚ ਮਾਤਮ ਛਾਅ ਗਿਆ ਹੈ। ਪ੍ਰਸਿੱਧ ਗੀਤ “ਫੁੱਲਾਂ ਦੀਏ ਕੱਚੀਏ ਵਪਾਰਨੇ (ਸਰਦੂਲ ਸਿਕੰਦਰ), ਨੀ ਵਣਜਾਰਨ ਕੁੜੀਏ (ਹੰਸ ਰਾਜ ਹੰਸ), ਨੀਂ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ (ਹੰਸ ਰਾਜ ਹੰਸ), ਮੈਂ ਨਾ ਮੰਗਦੀ ਕੋਕਾ (ਸਰਬਜੀਤ ਕੌਰ), ਚਾਦਰ (ਕੁਲਦੀਪ ਮਾਣਕ) ਅਤੇ ਹੋਰ ਅਨੇਕਾਂ ਪ੍ਰਸਿੱਧ ਗੀਤਾਂ ਦੇ ਰਚੇਤਾ ਅਤੇ ਉੱਘੇ ਸੰਗੀਤਕਾਰ ਪ੍ਰੀਤ ਤਿਵਾੜੀ ਦੀ ਬੇ-ਵਕਤ ਮੌਤ ਨਾਲ ਪੰਜਾਬੀ ਸੰਗੀਤਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਮੌਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਟਲੀ ਦੇ ਉੱਘੇ ਲੇਖਕ ਬਲਜੀਤ ਭੌਰਾ ਨੇ ਮਰਹੂਮ ਤਿਵਾੜੀ ਸਾਹਿਬ ਨਾਲ ਬਿਤਾਏ ਪਲ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਤਿਵਾੜੀ ਸਾਹਿਬ ਇੱਕ ਗੀਤਕਾਰ ਹੀ ਨਹੀਂ ਸਗੋਂ ਉਹ ਬਹੁਤ ਚੰਗੇ ਸਾਹਿਤਕਾਰ ਵੀ ਸਨ।
ਉਹਨਾਂ ਪੰਜਾਬੀ ਗੀਤਾਂ ਦੇ ਨਾਲ-ਨਾਲ ਨਾਵਲ ਵੀ ਲਿਖੇ ਸਨ। ਇਸ ਨਾਲ ਉਹ ਇੱਕ ਪ੍ਰੋਫੈਸਰ ਵੀ ਰਹੇ ਸਨ ਅਤੇ ਇੱਕ ਸੁਲਝੇ ਹੋਏ ਸੰਗੀਤਕਾਰ ਹੋਣ ਦੇ ਨਾਲ ਇੱਕ ਬਹੁਤ ਹੀ ਮਿਲਣਸਾਰ ਅਤੇ ਜਿੰਦਾਦਿਲ ਇਨਸਾਨ ਵੀ  ਸਨ। ਅਜਿਹੇ ਪੰਜਾਬੀ ਸੰਗੀਤਕ ਖੇਤਰ ਦੇ ਬਾਬਾ ਬੌਹੜ ਦੇ ਤੁਰ ਜਾਣ ਨਾਲ ਪਏ ਘਾਟੇ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ, ਰਹਿੰਦੀ ਦੁਨੀਆਂ ਤੱਕ ਸੰਗੀਤਕ ਪ੍ਰੇਮੀ ਉਨ੍ਹਾਂ ਨੂੰ ਯਾਦ ਕਰਦੇ ਰਹਿਣਗੇ। ਇਸ ਮੌਕੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ, ਅਦਾਰਾ ਪੰਜਾਬ ਐਕਸਪ੍ਰੈੱਸ ਅਤੇ ਇਟਲੀ ਦੇ ਹੋਰ ਬੁੱਧੀਜੀਵੀਆਂ ਨੇ ਤਿਵਾੜੀ ਸਾਹਿਬ ਦੇ ਦਿਹਾਂਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।