ਪੋਂਪੀਓ ਨੇ ਸ਼ੇਅਰ ਕੀਤੀ ਆਪਣੇ ਕੁੱਤੇ ਦੀ ਤਸਵੀਰ, ਲੋਕਾਂ ਨੂੰ ਲੱਗਾ ''ਸ਼ੀ ਜਿਨਪਿੰਗ ਕਨੈਕਸ਼ਨ''

07/17/2020 11:38:30 PM

ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਕਸਰ ਚੀਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਹਮਲਾਵਰ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਨੂੰ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕਿਤੇ ਉਹ ਜਿਨਪਿੰਗ ਦੇ ਬਾਰੇ ਵਿਚ ਤਾਂ ਨਹੀਂ। ਹਾਲਾਂਕਿ, ਇਹ ਪੋਸਟ ਸਿਆਸਤ ਤੋਂ ਦੂਰ ਪੋਂਪੀਓ ਦੇ ਪਾਲਤੂ ਕੁੱਤੇ ਦੀ ਸੀ ਪਰ ਇਸ ਵਿਚ ਲੋਕਾਂ ਨੂੰ ਜਿਨਪਿੰਗ ਨਾਲ ਜੁੜੀ ਇਕ ਖਾਸ ਗੱਲ ਦਿੱਖ ਗਈ, ਜਿਸ ਕਾਰਨ ਪੋਂਪੀਓ ਤੋਂ ਉਹ ਪੁੱਛ ਬੈਠੇ ਕਿ ਆਖਿਰ ਮਾਜ਼ਰਾ ਕੀ ਹੈ।

ਪੋਂਪੀਓ ਨੇ ਆਪਣੇ ਪਾਲਤੂ ਕੁੱਤੇ Mercer ਦੀ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਆਪਣੇ ਖਿਡੌਣਿਆਂ ਦੇ ਨਾਲ ਬੈਠਾ ਸੀ। ਇਨਾਂ ਖਿਡੌਣਿਆਂ ਵਿਚੋਂ ਇਕ ਕਾਮਿਕ ਕੈਰੇਕਟਰ Winnie- The Pooh ਵੀ ਸੀ। ਇਸ ਨੂੰ ਲੈ ਕੇ ਇਕ ਇੰਟਰਵਿਊ ਦੌਰਾਨ ਪੋਂਪੀਓ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ Mercer ਦੇ ਖਿਡੌਣਿਆਂ ਵਿਚੋਂ ਇਕ ਇਹ ਭਾਲੂ ਦਾ ਖਿਡੌਣਾ ਵੀ ਸੀ ਅਤੇ ਇਸ ਤੋਂ ਜ਼ਿਆਦਾ ਉਨ੍ਹਾਂ ਨੂੰ ਕੁਝ ਨਹੀਂ ਪਤਾ।

ਦਰਅਸਲ, 2013 ਵਿਚ ਜਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਦੇ ਦੌਰੇ 'ਤੇ ਗਏ ਸਨ, ਉਦੋਂ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਲਈਆਂ ਗਈਆਂ ਸਨ। ਉਦੋਂ ਸੋਸ਼ਲ ਮੀਡੀਆ ਯੂਜ਼ਰਸ ਨੇ ਇਨਾਂ ਤਸਵੀਰਾਂ 'ਤੇ ਇਕ ਮੀਮ ਬਣਾ ਦਿੱਤਾ ਜਿਸ ਵਿਚ ਜਿਨਪਿੰਗ ਨੂੰ ਪੂਹ  ਦੀ ਤਰ੍ਹਾਂ ਦਿਖਾਇਆ ਗਿਆ ਸੀ। ਇਹੀਂ ਨਹੀਂ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਦੀ ਤੁਲਨਾ ਵੀ ਵਿਨੀ ਦਿ ਪੂਹ ਦੇ ਨਾਲ ਕਰ ਦਿੱਤੀ ਗਈ।

ਚੀਨ ਆਪਣੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੂੰ ਸਖਤੀ ਨਾਲ ਸੈਂਸਰ ਕਰਨ ਲਈ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਚੀਨ ਵਿਚ ਵਿਨੀ ਦਿ ਪੂਹ ਦੀਆਂ ਫਿਲਮਾਂ, ਟੀ. ਵੀ. ਸੀਰੀਜ਼ ਅਤੇ ਖਿਡੌਣੇ ਤੱਕ ਬੈਨ ਕਰ ਦਿੱਤੇ ਗਏ। ਇਸ ਤਰ੍ਹਾਂ ਬਰਲਿਨ ਦੇ ਓਪੇਰਾ ਸਿੰਗਰ ਦੇ ਅਕਾਊਂਟ ਨੂੰ ਵੀ ਬੈਨ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀ ਸ਼ਕਲ ਜਿਨਪਿੰਗ ਨਾਲ ਮਿਲਦੀ ਸੀ।

Khushdeep Jassi

This news is Content Editor Khushdeep Jassi