ਵੀਡੀਓ ਬਣਾ ਕੇ ਕੁੜੀ ਨੇ ਪੁਲਸ ਨੂੰ ਪਾਈ ਭਾਜੜ, ਬੋਲੀ- 'ਮੈਂ ਕੋਰੋਨਾ ਪਾਜ਼ੀਟਿਵ, ਫੈਲਾਅ ਵੀ ਰਹੀ ਹਾਂ'

04/06/2020 2:09:10 PM

ਟੈਕਸਾਸ : ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਇਕ ਕੁੜੀ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਪਾਜ਼ੀਟਿਵ ਹੈ ਅਤੇ ਜਾਣ-ਬੁੱਝ ਕੇ ਵਾਇਰਸ ਨੂੰ ਫੈਲਾਅ ਵੀ ਰਹੀ ਹੈ। ਇਹ ਮਾਮਲਾ ਅਮਰੀਕਾ ਦੇ ਟੈਕਸਾਸ ਦੇ ਕੈਰੋਲਟਨ ਸ਼ਹਿਰ ਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਕੁੜੀ ਦੀ ਭਾਲ ਕਰ ਰਹੀ ਹੈ। 

ਹਾਲਾਂਕਿ ਪੁਲਸ ਨੇ ਕਿਹਾ ਕਿ ਵੀਡੀਓ ਵਿਚ ਕੋਰੋਨਾ ਵਾਇਰਸ ਫੈਲਾਉਣ ਦਾ ਦਾਅਵਾ ਕਰਨ ਵਾਲੀ ਕੁੜੀ ਦੀ ਪਛਾਣ ਕਰ ਲਈ ਹੈ, ਜਿਸ ਦਾ ਨਾਂ ਲਾਰੇਨ ਮਾਰਾਡਿਆਗਾ ਹੈ। ਪੁਲਸ ਨੇ ਕਿਹਾ ਹੈ ਕਿ ਲਾਰੇਨ 'ਤੇ ਅੱਤਵਾਦ ਫੈਲਾਉਣ ਦੇ ਦੋਸ਼ ਲਾਏ ਜਾਣਗੇ। ਆਮ ਲੋਕਾਂ ਨੂੰ ਲਾਰੇਨ ਤੋਂ ਖਤਰਾ ਹੈ ਜਾਂ ਨਹੀਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਪਰ ਲਾਰੇਨ ਵਲੋਂ ਧਮਕੀ ਦਿੱਤੇ ਜਾਣ ਮਗਰੋਂ ਪੁਲਸ ਵਲੋਂ ਗੰਭੀਰ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਸ ਨੇ ਲਾਰੇਨ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁੜੀ ਬਾਰੇ ਪਤਾ ਲੱਗਣ 'ਤੇ ਜਾਣਕਾਰੀ ਸਾਂਝੀ ਕਰੇ। ਪੁਲਸ ਨੇ ਦੱਸਿਆ ਕਿ ਦੋਸ਼ੀ ਕੁੜੀ ਦੀ ਉਮਰ 18 ਸਾਲ ਹੈ। ਦੱਸ ਦਈਏ ਕਿ ਅਮਰੀਕਾ ਇਸ ਸਮੇਂ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਸੋਮਵਾਰ ਦੁਪਹਿਰ ਤਕ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਚੁੱਕੀ ਹੈ। 

ਟੈਕਸਾਸ ਵਿਚ ਪੁਲਸ ਨੇ ਐਤਵਾਰ ਨੂੰ ਕਿਹਾ ਕਿ ਉਹ ਕੁੜੀ ਦੀ ਭਾਲ ਕਰ ਰਹੇ ਹਨ, ਜਿਸ ਨੇ ਸਨੈਪਚੈਟ 'ਤੇ ਦਾਅਵਾ ਕੀਤਾ ਹੈ ਕਿ ਉਹ ਕੋਵਿਡ-19 ਪਾਜ਼ੀਟਿਵ ਹੈ ਅਤੇ ਜਾਣ-ਬੁੱਝ ਕੇ ਲੋਕਾਂ ਵਿਚ ਇਸ ਨੂੰ ਫੈਲਾਅ ਰਹੀ ਹੈ। ਵੀਡੀਓ ਵਿਚ ਕੁੜੀ ਨੇ ਦਾਅਵਾ ਕੀਤਾ ਕਿ ਉਹ ਵਾਲਮਾਰਟ ਵਿਚ ਸ਼ਾਪਿੰਗ ਕਰ ਰਹੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਉਸ ਦੀ ਪਛਾਣ ਕੀਤੀ ਤੇ ਉਸ ਦੇ ਘਰ ਗਈ ਪਰ ਉਹ ਉੱਥੇ ਨਹੀਂ ਸੀ। ਪੁਲਸ ਨੇ ਕਿਹਾ ਕਿ ਕੁੜੀ ਦਾ ਪਰਿਵਾਰ ਉਨ੍ਹਾਂ ਨਾਲ ਸਹਿਯੋਗ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਟੈਕਸਾਸ ਵਿਚ ਸੋਮਵਾਰ ਸਵੇਰ ਤਕ ਕੋਰੋਨਾ ਪੀੜਤਾਂ ਦੀ ਗਿਣਤੀ 7,294 ਸੀ ਅਤੇ 140 ਲੋਕਾਂ ਦੀ ਮੌਤ ਹੋ ਚੁੱਕੀ ਹੈ। 

Lalita Mam

This news is Content Editor Lalita Mam