ਅਮਰੀਕਾ: ਟੈਨੇਸੀ ਬਾਰ ''ਚ ਵਾਪਰੀ ਛੁਰੇਮਾਰੀ ਦੀ ਘਟਨਾ ਦਾ ਦੋਸ਼ੀ ਗ੍ਰਿਫਤਾਰ

12/26/2019 2:27:36 PM

ਨੈਸ਼ਵਿਲੇ(ਏਜੰਸੀ)- ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਬੀਤੇ ਦਿਨ ਟੈਨੇਸੀ ਵਿਚ ਵਾਪਰੀ ਇਕ ਛੁਰੇਮਾਰੀ ਦੀ ਘਟਨਾ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਸ਼ਨੀਵਾਰ ਨੂੰ ਟੈਨੇਸੀ ਦੇ ਇਕ ਬਾਰ ਦੇ ਬਾਹਰ ਵਾਪਰੀ ਸੀ।

ਨੈਸ਼ਵਿਲੇ ਮੈਟਰੋ ਪੁਲਸ ਨੇ ਐਲਾਨ ਕੀਤਾ ਹੈ ਕਿ 23 ਸਾਲਾ ਮਾਈਕਲ ਮੋਸਲੇ ਨੂੰ ਚੇਥਮ ਕਾਊਂਟੀ ਵਿਚ ਕਾਬੂ ਕੀਤਾ ਗਿਆ ਹੈ। ਮੋਸਲੇ ਸ਼ਨੀਵਾਰ ਨੂੰ ਮਿਡਟਾਊਨ ਨੈਸ਼ਵਿਲੇ ਬਾਰ ਵਿਚ ਹੋਏ ਹਮਲੇ ਦਾ ਦੋਸ਼ੀ ਹੈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਇਸ ਦੌਰਾਨ ਜ਼ਖਮੀ ਹੋ ਗਿਆ ਸੀ। ਨੈਸ਼ਵਿਲੇ ਪੁਲਸ ਮੁਤਾਬਕ ਬਾਰ ਵਿਚ ਇਕ ਔਰਤ ਨਾਲ ਬਹਿਸ ਤੋਂ ਬਾਅਦ ਦੋਸ਼ੀ ਨੇ ਔਰਤ 'ਤੇ ਹਮਲਾ ਕਰ ਦਿੱਤਾ ਤੇ ਇਸ ਘਟਨਾ ਵਿਚ ਮਾਰੇ ਗਏ ਦੋ ਪੁਰਸ਼ ਔਰਤ ਦੇ ਦੋਸਤ ਸਨ। ਮੋਸਲੇ ਨੂੰ ਇਸ ਤੋਂ ਪਹਿਲਾਂ 2015 ਵਿਚ ਲੁੱਟਾਂ-ਖੋਹਾਂ, ਅਪਰਾਧਿਕ ਹਮਲੇ ਤੇ ਕੁਕਰਮ ਜਿਹੇ ਅਪਰਾਧਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਸੰਗੀਨ ਅਪਰਾਧ ਤੋਂ ਬਾਅਦ ਮੋਸਲੇ ਦੀ ਜਾਣਕਾਰੀ ਦੇਣ ਵਾਲੇ ਨੂੰ 42,500 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ।

Baljit Singh

This news is Content Editor Baljit Singh