ਈਰਾਨ ’ਚ 5000 ਸਕੂਲੀ ਬੱਚਿਆਂ ਨੂੰ ਦਿੱਤਾ ਗਿਆ ਜ਼ਹਿਰ, ਸੁਪਰੀਮ ਲੀਡਰ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਦਿੱਤਾ ਭਰੋਸਾ

03/09/2023 4:24:11 PM

ਤਹਿਰਾਨ (ਬਿਊਰੋ)– ਈਰਾਨ ਦੇ ਕਰੀਬ 230 ਸਕੂਲਾਂ ’ਚ 5000 ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੀ ਸ਼ਿਕਾਇਤ ’ਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦਾ ਬਿਆਨ ਸਾਹਮਣੇ ਆਇਆ ਹੈ। ਸੁਪਰੀਮ ਲੀਡਰ ਖਾਮਨੇਈ ਨੇ ਕਿਹਾ ਹੈ ਕਿ ਜੇਕਰ ਦੇਸ਼ ਦੇ ਲੜਕੀਆਂ ਦੇ ਸਕੂਲਾਂ ’ਚ ਵਿਦਿਆਰਥਣਾਂ ਨੂੰ ਜਾਣਬੁਝ ਕੇ ਜ਼ਹਿਰ ਦਿੱਤਾ ਜਾਂਦਾ ਹੈ ਤਾਂ ਦੋਸ਼ੀਆਂ ਨੂੰ ਮੁਆਫ਼ੀਯੋਗ ਅਪਰਾਧ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਖਾਮਨੇਈ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਇਸ ਦਾ ਜਵਾਬ ਦਿੱਤਾ ਹੈ।

ਇਸ ਦੇ ਨਾਲ ਹੀ ਈਰਾਨ ਦੇ ਮੁੱਖ ਸੰਸਦ ਮੈਂਬਰ ਤੇ ਇਸ ਘਟਨਾ ’ਤੇ ਬਣਾਈ ਗਈ ਜਾਂਚ ਕਮੇਟੀ ਦੇ ਮੈਂਬਰ ਮੁਹੰਮਦ ਹਸਨ ਅਸੇਫਰੀ ਨੇ ਇਸਨਾ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਈਰਾਨ ਦੇ 31 ’ਚੋਂ 25 ਸੂਬਿਆਂ ’ਚ ਲਗਭਗ 230 ਸਕੂਲਾਂ ਦੇ ਲਗਭਗ 5000 ਵਿਦਿਆਰਥੀਆਂ ਨੇ ਜ਼ਹਿਰ ਦਿੱਤੇ ਜਾਣ ਤੋਂ ਪ੍ਰਭਾਵਿਤ ਹੋਣ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਕਿਸੇ ਹੋਰ ਅਧਿਕਾਰੀ ਜਾਂ ਮੀਡੀਆ ਰਿਪੋਰਟ ਨੇ ਇੰਨੀ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੇ ਬੀਮਾਰ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਈਰਾਨੀ ਮੀਡੀਆ ਤੇ ਕਾਰਕੁੰਨਾਂ ਨੇ ਦਾਅਵਾ ਕੀਤਾ ਸੀ ਕਿ 1000 ਤੋਂ ਵੱਧ ਬੱਚਿਆਂ ਨੇ ਬੀਮਾਰ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ’ਚੋਂ 400 ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ ਸੀ। ਈਰਾਨੀ ਅਧਿਕਾਰੀਆਂ ਨੇ ਹਾਲਾਂਕਿ ਸੰਕਟ ਤੋਂ ਬਾਅਦ ਸਹੀ ਅੰਕੜਿਆਂ ਦਾ ਖ਼ੁਲਾਸਾ ਨਹੀਂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ: ਖੈਬਰ ਪਖਤੂਨਖਵਾ 'ਚ ਮਾਰੇ ਗਏ ਛੇ ਅੱਤਵਾਦੀ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤੱਕ ਇਸ ਮਾਮਲੇ ’ਚ ਟਾਲ-ਮਟੋਲ ਤੋਂ ਬਾਅਦ ਈਰਾਨੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਸਵੀਕਾਰ ਕਰ ਲਿਆ ਸੀ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਸੀ ਤੇ ਜ਼ਹਿਰ ਦੇਣ ’ਚ ਕਿਹੜਾ ਰਸਾਇਣ ਵਰਤਿਆ ਗਿਆ ਸੀ। ਦਰਅਸਲ ਗੁਆਂਢੀ ਅਫ਼ਗਾਨਿਸਤਾਨ ਦੇ ਉਲਟ ਈਰਾਨ ਦਾ ਔਰਤਾਂ ਵਿਰੁੱਧ ਧਾਰਮਿਕ ਕੱਟੜਪੰਥੀ ਦਾ ਕੋਈ ਇਤਿਹਾਸ ਨਹੀਂ ਹੈ। ਅਧਿਕਾਰੀਆਂ ਨੇ ਮੰਨਿਆ ਕਿ ਨਵੰਬਰ ਤੋਂ ਹੁਣ ਤੱਕ ਈਰਾਨ ਦੇ 30 ਸੂਬਿਆਂ ’ਚੋਂ 21 ’ਚ 50 ਤੋਂ ਵੱਧ ਸਕੂਲਾਂ ’ਚ ਜ਼ਹਿਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਹਾਲਾਂਕਿ ਕਿਹਾ ਕਿ ਜਾਂਚਕਰਤਾਵਾਂ ਨੇ ਕੁਝ ਦਿਨ ਪਹਿਲਾਂ ਸਕੂਲਾਂ ਤੋਂ ਸ਼ੱਕੀ ਜ਼ਹਿਰ ਦੇ ਨਮੂਨੇ ਲਏ ਸਨ ਪਰ ਹੋਰ ਵੇਰਵੇ ਨਹੀਂ ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਨਾਲ ਲਗਭਗ 60 ਸਕੂਲ ਪ੍ਰਭਾਵਿਤ ਹੋਏ, ਜਿਨ੍ਹਾਂ ’ਚੋਂ ਲੜਕਿਆਂ ਦਾ ਵੀ ਇਕ ਸਕੂਲ ਸੀ। ਇਸ ਘਟਨਾ ਦਾ ਦੁਨੀਆ ਭਰ ’ਚ ਤਿੱਖਾ ਪ੍ਰਤੀਕਰਮ ਹੋਇਆ ਸੀ।

ਈਰਾਨ ’ਚ ਨਵੰਬਰ ਦੀ ਘਟਨਾ ਤੋਂ ਬਾਅਦ ਵੱਡੇ ਪੱਧਰ ’ਤੇ ਪ੍ਰਦਰਸ਼ਨ ਜਾਰੀ ਹਨ। ਇਸ ਘਟਨਾ ਨੂੰ ਲੈ ਕੇ ਮੰਗਲਵਾਰ ਨੂੰ ਹਜ਼ਾਰਾਂ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਜਲ ਤੋਪਾਂ ਤੇ ਅੱਥਰੂ ਗੈਸ ਸਮੇਤ ਤਾਕਤ ਦੀ ਵਰਤੋਂ ਕਰਨੀ ਪਈ। ਇਸ ਦੌਰਾਨ ਸਰਕਾਰ ਨੇ ਇਸ ਅਣਸੁਲਝੀ ਰਹੱਸਮਈ ਘਟਨਾ ਦੇ ਜਵਾਬ ’ਚ ਪੱਤਰਕਾਰਾਂ, ਕਾਰਕੁੰਨਾਂ ਤੇ ਹੋਰਾਂ ’ਤੇ ਅਪਰਾਧਿਕ ਮੁਕੱਦਮੇਬਾਜ਼ੀ ਸ਼ੁਰੂ ਕਰ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh