ਸਾਊਦੀ ''ਚ ਪੀ. ਐੱਮ. ਮੋਦੀ ਨੇ ਪ੍ਰਵਾਸੀ ਭਾਰਤੀਆਂ ਦੀਆਂ ਸਿਫਤਾਂ ਦੇ ਬੰਨ੍ਹੇ ਪੁਲ਼

10/29/2019 2:48:12 PM

ਰਿਆਦ— ਦੋ ਦਿਨਾਂ ਦੌਰੇ 'ਤੇ ਸਾਊਦੀ ਅਰਬ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਵਾਸੀ ਭਾਈਚਾਰੇ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹੇ । ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਸਖਤ ਮਿਹਨਤ ਅਤੇ ਵਚਨਬੱਧਤਾ ਨੇ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਮੋਦੀ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵੀਊ 'ਚ ਕਿਹਾ,''ਸਾਊਦੀ ਅਰਬ ਨੂੰ ਤਕਰੀਬਨ 26 ਲੱਖ ਭਾਰਤੀਆਂ ਨੇ ਆਪਣਾ ਦੂਜਾ ਘਰ ਬਣਾ ਲਿਆ ਹੈ। ਇਹ ਉਸ ਦੇ ਵਾਧੇ ਤੇ ਵਿਕਾਸ 'ਚ ਯੋਗਦਾਨ ਦੇ ਰਹੇ ਹਨ। ਹਰ ਸਾਲ ਹੱਜ ਤੇ ਉਮਰਾ ਕਰਨ ਅਤੇ ਵਪਾਰ ਦੇ ਮਕਸਦ ਨਾਲ ਵੀ ਕਾਫੀ ਭਾਰਤੀ ਇੱਥੇ ਆਉਂਦੇ ਹਨ।''

ਪ੍ਰਵਾਸੀ ਭਾਰਤੀਆਂ ਨੂੰ ਇਕ ਸੰਦੇਸ਼ 'ਚ ਮੋਦੀ ਨੇ ਕਿਹਾ ਕਿ ਤੁਸੀਂ ਜੋ ਜਗ੍ਹਾ ਸਾਊਦੀ 'ਚ ਬਣਾਈ ਹੈ ਉਸ 'ਤੇ ਭਾਰਤ ਨੂੰ ਮਾਣ ਹੈ। ਤੁਹਾਡੀ ਸਖਤ ਮਿਹਨਤ ਅਤੇ ਵਚਨਬੱਧਤਾ ਨੇ ਦੋ-ਪੱਖੀ ਸਬੰਧਾਂ 'ਚ ਚੰਗੀ ਸਾਖ ਬਣਾਉਣ 'ਚ ਮਦਦ ਕੀਤੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਾਊਦੀ 'ਚ ਭਾਰਤੀ ਭਾਈਚਾਰਾ ਦੋ-ਪੱਖੀ ਸਬੰਧਾਂ ਨੂੰ ਬਣਾਏ ਰੱਖਣ ਦਾ ਇਕ ਅਹਿਮ ਕਾਰਕ ਹੈ ਅਤੇ ਅੱਗੇ ਵੀ ਦੋਵੇਂ ਦੇਸ਼ਾਂ ਦੇ ਵਿਚਕਾਰ ਇਤਿਹਾਸਕ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਦੇਵੇਗਾ, ਜੋ ਕਈ ਦਹਾਕਿਆਂ ਤੋਂ ਲੋਕਾਂ ਵਿਚਕਾਰ ਸੰਪਰਕ 'ਤੇ ਆਧਾਰਿਤ ਹਨ। ਪ੍ਰਧਾਨ ਮੰਤਰੀ ਸੋਮਵਾਰ ਦੀ ਰਾਤ ਨੂੰ ਰਿਆਦ ਪੁੱਜੇ। ਜਿੱਥੇ ਉਹ ਦੇਸ਼ ਦੇ ਸਲਾਨਾ ਆਰਥਿਕ ਸੰਮੇਲਨ 'ਚ ਹਿੱਸਾ ਲੈਣਗੇ ਅਤੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜੀਜ਼ ਸਾਊਦ ਨਾਲ ਦੋ-ਪੱਖੀ ਬੈਠਕ ਕਰਨਗੇ।