ਆਨਲਾਈਨ ਗੇਮ ਖੇਡ ਕੇ ਇਹ ਨੌਜਵਾਨ ਕਮਾ ਰਿਹੈ ਅਰਬਾਂ ਰੁਪਏ

12/08/2017 3:08:06 PM

ਲੰਡਨ(ਬਿਊਰੋ)— ਜੇਕਰ ਤੁਹਾਡਾ ਬੱਚਾ ਦਿਨ ਭਰ ਕਮਰੇ ਵਿਚ ਖੁਦ ਨੂੰ ਬੰਦ ਕਰ ਕੇ ਕੰਪਿਊਟਰ ਗੇਮਜ਼ ਖੇਡਦਾ ਰਹਿੰਦਾ ਹੈ ਤਾਂ ਤੁਸੀਂ ਉਸ ਦੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਤਾਂ ਹੁੰਦੇ ਹੀ ਹੋਵੋਗੇ ਪਰ ਇਕ 26 ਸਾਲ ਦੇ ਇਸ ਨੌਜਵਾਨ ਨੇ ਆਨਲਾਈਨ ਗੇਮ ਖੇਡ ਕੇ ਜ਼ਬਰਦਸਤ ਕਮਾਈ ਕੀਤੀ ਹੈ।
ਡੈਨ ਮਿਡਲਟਨ ਨਾਮਕ ਇਸ ਨੌਜਵਾਨ ਨੇ ਆਨਲਾਈਨ ਗੇਮਜ਼ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਵੈਬਸਾਈਟ ਯੂ-ਟਿਊਬ 'ਤੇ ਅਪਲੋਡ ਕੀਤੇ ਹਨ। ਇਸ ਨਾਲ 1 ਸਾਲ ਵਿਚ ਹੀ ਉਸ ਦੀ ਕਮਾਈ 12.3 ਮਿਲੀਅਨ ਬ੍ਰਿਟਿਸ਼ ਪੌਂਡ (ਤਕਰੀਬਨ ਇਕ ਅਰਬ 45 ਕਰੋੜ ਰੁਪਏ) ਹੋਈ ਹੈ। ਫੋਰਬਸ ਨੇ 26 ਸਾਲਾ ਡੈਨ ਨੂੰ ਯੂ-ਟਿਊਬ 'ਤੇ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਿਆਂ ਦੀ ਲਿਸਟ ਵਿਚ ਪਹਿਲੇ ਸਥਾਨ 'ਤੇ ਰੱਖਿਆ ਹੈ। ਆਪਣੇ ਯੂ-ਟਿਊਬ ਵੀਡੀਓ ਵਿਚ ਡੈਨ ਮਿਡਲਟਨ ਵੀਡੀਓ ਗੇਮ ਦੇ ਬਾਰੇ ਵਿਚ ਦੱਸਦੇ ਹਨ। ਇਸ ਤੋਂ ਇਲਾਵਾ ਉਹ ਵੀਡੀਓ ਦੇਖਣ ਵਾਲਿਆਂ ਨੂੰ ਇਸ ਬਾਰੇ ਵਿਚ ਵੀ ਦੱਸਦੇ ਹਨ ਕਿ ਆਖੀਰ ਉਹ ਕਿਵੇਂ ਗੇਮ ਦੇ ਲੈਵਲ ਨੂੰ ਪਾਰ ਕਰ ਸਕਦੇ ਹਨ।
ਇੰਗਲੈਂਡ ਦੇ ਐਲਡਰਸ਼ਾਟ ਨਿਵਾਸੀ ਅਤੇ ਸਾਬਕਾ ਟੇਸਕੋ ਕਰਮਚਾਰੀ ਡੈਨ ਦੇ ਵੀਡੀਓ ਨੂੰ ਕਰੋੜਾਂ ਲੋਕਾਂ ਨੇ ਦੇਖਿਆ ਹੈ। ਦੱਸਣਯੋਗ ਹੈ ਕਿ ਯੂ-ਟਿਊਬ ਇਸ਼ਤਿਹਾਰ ਤੋਂ ਮਿਲਣ ਵਾਲਾ ਤਕਰੀਬਨ 68 ਫੀਸਦੀ ਮੁਨਾਫਾ ਯੂ-ਟਿਊਬ ਨੂੰ ਦਿੰਦਾ ਹੈ। ਡੈਨ ਮਿਡਲਟਨ ਨੇ ਨੌਰਥਹੈਂਪਟਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਮਸ਼ਹੂਰ ਪੋਕੇਮੋਨ ਗੇਮ ਦੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਯੂ-ਟਿਊਬ 'ਤੇ ਅਪਲੋਡ ਕਰਨਾ ਸ਼ੁਰੂ ਕੀਤਾ ਸੀ।
ਗਿਨੀਜ਼ ਵਰਲਡ ਰਿਕਾਰਡ ਬਣਾ ਚੁੱਕੇ ਹਨ ਡੈਨ
ਡੈਨ ਮਿਡਲਟਨ ਦੇ ਵੀਡੀਓ ਜ਼ਿਆਦਾਤਰ ਮਾਈਨਕ੍ਰਾਫਟ 'ਤੇ ਆਧਾਰਿਤ ਹੁੰਦੇ ਹਨ। ਇਸ ਲਈ ਉਨ੍ਹਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿਚ ਵੀ ਦਰਜ ਹੋ ਚੁੱਕਾ ਹੈ। ਉਨ੍ਹਾਂ ਨੇ ਸਾਲ 2013 ਵਿਚ ਆਪਣੀ ਪ੍ਰੇਮਿਕਾ ਜੇਮਾ ਨਾਲ ਵਿਆਹ ਕੀਤਾ ਹੈ। ਜੇਮਾ ਵੀ ਮਾਈਨਕ੍ਰਾਫਟ ਦੀ ਸ਼ੌਕੀਨ ਹੈ। ਆਪਣੀ ਪ੍ਰੇਮਿਕਾ ਦੇ ਬਾਰੇ ਵਿਚ ਦੱਸਦੇ ਹੋਏ ਡੈਨ ਕਹਿੰਦੇ ਹਨ ਕਿ ਦੋਵਾਂ ਨੇ ਕਾਫੀ ਸਮੇਂ ਤੱਕ ਇਕੱਠੇ ਗੇਮ ਖੇਡਦੇ ਹੋਏ ਬਿਤਾਇਆ ਹੈ। ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਮੈਂ ਯੂ-ਟਿਊਬ 'ਤੇ ਵੀਡੀਓ ਬਣਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਮੇਰਾ ਯੂ-ਟਿਊਬ ਚੈਨਲ ਕਾਫੀ ਮਸ਼ਹੂਰ ਹੋ ਗਿਆ।