ਸਿਡਨੀ ਦੀਆਂ ਝਾੜੀਆਂ ''ਚ ''ਲੁਕਿਆ'' ਬੈਠਾ ਸੀ ਜਹਾਜ਼ ਦਾ ਪੱਖਾ, ਪੁਲਸ ਨੇ ਕੰਨੋਂ ਫੜ ਕੇ ਕੱਢਿਆ

03/21/2017 9:44:35 AM

ਸਿਡਨੀ— ਬੀਤੇ ਦਿਨੀਂ ''ਰੈਕਸ'' ਨਾਮੀ ਇੱਕ ਖੇਤਰੀ ਏਅਰਲਾਈਨਜ਼ ਦੇ ਜਹਾਜ਼ ਦਾ ਸੱਜਾ ਪ੍ਰੋਪੈਲਰ (ਪੱਖਾ) ਹਵਾ ''ਚ ਉੱਡਦੇ ਸਮੇਂ ਹੇਠਾਂ ਡਿੱਗ ਗਿਆ ਸੀ। ਇਸ ਪੱਖੇ ਨੂੰ ਹੁਣ ਲੱਭ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਨਿਊ ਸਾਊਥ ਵੇਲਜ਼ ਪੁਲਸ ਵਲੋਂ ਕੀਤੀ ਗਈ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੋਪੈਲਰ ਸਿਡਨੀ ਦੇ ਦੱਖਣੀ-ਪੱਛਮੀ ਇਲਾਕੇ ਦੀਆਂ ਝਾੜੀਆਂ ''ਚੋਂ ਪ੍ਰਾਪਤ ਹੋਇਆ ਹੈ। ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਨਿਊ ਸਾਊਥ ਵੇਲਜ਼ ਪੁਲਸ ਦਾ ਹੈਲੀਕਾਪਟਰ ਸਿਡਨੀ ਦੇ ਦੱਖਣੀ-ਪੱਛਮੀ ਇਲਾਕੇ ''ਚ ਗਸ਼ਤ ਕਰ ਰਿਹਾ ਸੀ ਤਾਂ ਉਸ ਸਮੇਂ ਜਹਾਜ਼ ਦਾ ਸੱਜਾ ਪ੍ਰੋਪੈਲਰ ਪ੍ਰਾਪਤ ਹੋਇਆ। ਇਸ ਪਿੱਛੋਂ ਪੁਲਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਬੁਲਾਰੇ ਨੇ ਦੱਸਿਆ ਕਿ ਪੁਲਸ, ਆਸਟਰੇਲੀਆ ਦੇ ਆਵਾਜਾਈ ਸੁਰੱਖਿਆ ਬਿਊਰੋ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। 
ਦੱਸਣਯੋਗ ਹੈ ਕਿ ਰੈਕਸ ਏਅਰਲਾਈਨਜ਼ ਦੇ 32 ਸੀਟਾਂ ਵਾਲੀ ਜ਼ੈੱਡ. ਐੱਲ. 768 ਨਾਮੀ ਫਲਾਈਟ ਨੇ ਬੀਤੇ ਸ਼ੁੱਕਰਵਾਰ ਨੂੰ ਐਲਬਰੀ ਤੋਂ ਸਿਡਨੀ ਲਈ ਉਡਾਣ ਭਰੀ ਸੀ। ਇਸ ਦੌਰਾਨ ਜਹਾਜ਼ ''ਚ ਅਮਲੇ ਦੇ ਮੈਂਬਰਾਂ ਸਮੇਤ ਕੁੱਲ 19 ਲੋਕ ਸਵਾਰ ਸਨ। ਜਹਾਜ਼ ਜਦੋਂ ਸਿਡਨੀ ਤੋਂ 20 ਕਿਲੋਮੀਟਰ ਦੀ ਦੂਰੀ ''ਤੇ ਤਾਂ ਇਸ ਦੌਰਾਨ ਇਸ ਦੇ ਇੰਜਣ ਤੋਂ ਸੱਜਾ ਪ੍ਰੋਪੈਲਰ ਹੇਠਾਂ ਡਿੱਗ ਗਿਆ। ਇਸੇ ਦੇ ਚੱਲਦਿਆਂ ਜਹਾਜ਼ ਦੀ ਹੰਗਾਮੀ ਹਾਲਤ ''ਚ ਸਿਡਨੀ ਦੇ ਹਵਾਈ ਅੱਡੇ ''ਤੇ ਲੈਂਡਿੰਗ ਕਰਾਉਣੀ ਪਈ।