ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਫਟਿਆ ਇੰਜਣ, ਔਰਤ ਦੀ ਮੌਤ, 7 ਜ਼ਖਮੀ (ਵੀਡੀਓ)

04/18/2018 3:46:02 PM

ਫਿਲਾਡੇਲਫੀਆ(ਬਿਊਰੋ)—ਅਮਰੀਕਾ ਵਿਚ ਫਿਲਾਡੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਹੋਏ ਭਿਆਨਕ ਹਾਦਸੇ ਵਿਚ 1 ਔਰਤ ਦੀ ਮੌਤ ਹੋ ਗਈ ਅਤੇ 7 ਹੋਰ ਯਾਤਰੀ ਜ਼ਖਮੀ ਹੋ ਗਏ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੇ ਚੇਅਰਮੈਨ ਰੋਬਰਟ ਸਮਵਾਲਟ ਨੇ ਦੱਸਿਆ ਕਿ ਸਾਊਥਵੈਸਟ ਏਅਰਲਾਈਨ ਕੰਪਨੀ ਦੇ ਇਕ ਜਹਾਜ਼ ਦੇ ਇੰਜਣ ਵਿਚ ਖਰਾਬੀ ਕਾਰਨ ਕੱਲ ਐਮਰਜੈਂਸੀ ਸਥਿਤੀ ਵਿਚ ਜਹਾਜ਼ ਨੂੰ ਹੇਠਾਂ ਉਤਾਰਿਆ ਗਿਆ।


ਜਹਾਜ਼ ਨਿਊਯਾਰਕ ਤੋਂ ਟੈਕਸਾਸ ਦੇ ਡਲਾਸ ਜਾ ਰਿਹਾ ਸੀ ਪਰ ਇੰਜਣ ਵਿਚ ਖਰਾਬੀ ਕਾਰਨ ਇਸ ਨੂੰ ਫਿਲਾਡੇਲਫੀਆ ਵਿਚ ਹੀ ਉਤਾਰਿਆ ਗਿਆ। ਜਹਾਜ਼ ਵਿਚ 148 ਯਾਤਰੀ ਸਵਾਰ ਸਨ। ਸਾਊਥਵੈਸਟ ਏਅਰਲਾਈਨਜ਼ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਜਹਾਜ਼ ਨਿਊਯਾਰਕ ਦੇ ਲਗੁਆਰਡੀਆ ਹਵਾਈ ਅੱਡੇ ਤੋਂ ਡਲਾਸ ਜਾ ਰਿਹਾ ਸੀ, ਉਦੋਂ ਅਚਾਨਕ ਹੀ ਉਸ ਨੂੰ ਫਿਲਾਡੇਲਫੀਆ ਵਿਚ ਉਤਾਰਿਆ ਗਿਆ।


ਇਸ ਦੌਰਾਨ ਇੰਜਣ ਫੱਟਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਜਹਾਜ਼ ਵਿਚ ਖਿੜਕੀ ਕੋਲ ਬੈਠੀ ਇਕ ਔਰਤ ਦਾ ਮੂੰਹ ਖਿੜਕੀ ਵਿਚੋਂ ਬਾਹਰ ਨਿਕਲ ਗਿਆ ਅਤੇ ਇੰਜਣ ਦਾ ਮਲਬਾ ਡਿੱਗਣ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇੰਜਣ ਫਟਣ ਦੀ ਆਵਾਜ਼ ਨਾਲ ਸਾਰੇ ਯਾਤਰੀ ਬੁਰੀ ਤਰ੍ਹਾਂ ਨਾਲ ਘਬਰਾ ਗਏ ਅਤੇ ਜਹਾਜ਼ ਵਿਚ ਹਫੜਾ-ਦਫੜੀ ਮਚ ਗਈ। ਫਿਰ ਯਾਤਰੀਆਂ ਨੇ ਬਹੁਤ ਮੁਸ਼ਕਲ ਨਾਲ ਔਰਤ ਨੂੰ ਅੰਦਰ ਖਿੱਚਿਆ। ਇਸ ਦੌਰਾਨ 7 ਹੋਰ ਯਾਤਰੀ ਵੀ ਜ਼ਖਮੀ ਹੋ ਗਏ। ਜਹਾਜ਼ ਦੇ ਉਤਰਣ ਤੋਂ ਬਾਅਦ ਔਰਤ ਨੂੰ ਹਪਸਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।