ਇਸ ਰੇਲਵੇ ਸਟੇਸ਼ਨ 'ਤੇ ਹਫਤੇ 'ਚ ਸਿਰਫ ਇਕ ਵਾਰੀ ਆਉਂਦੀ ਹੈ ਟਰੇਨ

01/25/2018 5:59:15 PM

ਲੰਡਨ (ਬਿਊਰੋ)— ਰੇਲਵੇ ਸਟੇਸ਼ਨ ਸ਼ਬਦ ਸੁਣਦੇ ਹੀ ਸਾਡੇ ਸਾਹਮਣੇ ਟਰੇਨਾਂ ਅਤੇ ਯਾਤਰੀਆਂ ਦੀ ਭੀੜ ਦੀ ਤਸਵੀਰ ਆ ਜਾਂਦੀ ਹੈ। ਅੱਜ ਦੇ ਸਮੇਂ ਵਿਚ ਕੀ ਕੋਈ ਅਜਿਹਾ ਰੇਲਵੇ ਸਟੇਸ਼ਨ ਹੋ ਸਕਦਾ ਹੈ, ਜਿੱਥੇ ਪੂਰੇ ਹਫਤੇ ਵਿਚ ਸਿਰਫ ਇਕ ਵਾਰੀ ਟਰੇਨ ਆਉਂਦੀ ਹੈ। ਅਜਿਹਾ ਇਕ ਰੇਲਵੇ ਸਟੇਸ਼ਨ ਇੰਗਲੈਂਡ ਵਿਚ ਹੈ। ਇੱਥੇ ਡਾਲਿੰਗਟਨ ਸ਼ਹਿਰ ਦੇ ਉਪ ਨਗਰੀ ਖੇਤਰ ਵਿਚ ਸਥਿਤ ਟੀਸਾਈਡ ਏਅਰਪੋਰਟ ਰੇਲਵੇ ਸਟੇਸ਼ਨ 'ਤੇ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਥੇ ਹਫਤੇ ਵਿਚ ਆਉਣ ਵਾਲੀ ਇਕੱਲੀ ਟਰੇਨ ਹਾਰਟਪੂਲ ਅਤੇ ਡਾਲਿੰਗਟਨ ਦੇ ਵਿਚਕਾਰ ਚੱਲਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਚ ਵੀ ਸਿਰਫ ਇਕ ਜਾਂ ਦੋ ਹੀ ਯਾਤਰੀ ਹੀ ਹੁੰਦੇ ਹਨ।
ਅਸਲ ਵਿਚ ਇਹ ਰੇਲਵੇ ਸਟੇਸ਼ਨ ਕਦੇ ਟੀਸਾਈਡ ਹਵਾਈ ਅੱਡੇ ਤੱਕ ਪਹੁੰਚਣ ਦਾ ਮੁੱਖ ਕੇਂਦਰ ਸੀ ਪਰ ਹਵਾਈ ਯਾਤਰੀਆਂ ਦੀ ਗਿਣਤੀ 90 ਫੀਸਦੀ ਘੱਟ ਗਈ ਸੀ। ਇਸ ਦਾ ਸਿੱਧਾ ਅਸਰ ਰੇਲ ਸੇਵਾ 'ਤੇ ਪਿਆ ਅਤੇ ਯਾਤਰੀ ਘੱਟ ਗਏ। ਸਰਕਾਰ ਨੇ ਇਸ ਘਾਟੇ ਨੂੰ ਘੱਟ ਕਰਨ ਲਈ ਹਫਤੇ ਵਿਚ ਇਕ ਹੀ ਟਰੇਨ ਨਿਰਧਾਰਿਤ ਕੀਤੀ ਹੈ। ਇੱਥੇ ਲੋਕ ਜ਼ਿਆਦਾਤਰ ਬੱਸਾਂ ਜਾਂ ਆਪਣੀਆਂ ਗੱਡੀਆਂ ਵਿਚ ਹੀ ਸਫਰ ਕਰਦੇ ਹਨ।