ਇਸ ਦੇਸ਼ 'ਚ ਨਾਬਾਲਗ ਬੱਚਿਆਂ ਨੂੰ ਜੇਲ ਭੇਜਣ ਦਾ 'ਕਾਨੂੰਨ ਪਾਸ'

01/24/2019 10:26:04 AM

ਮਨੀਲਾ (ਬਿਊਰੋ)— ਫਿਲੀਪੀਂਸ ਦੇ ਸੰਸਦ ਮੈਂਬਰਾਂ ਨੇ ਅਪਰਾਧ ਵਿਚ ਸ਼ਾਮਲ 12 ਸਾਲ ਤੱਕ ਦੇ ਬੱਚਿਆਂ ਨੂੰ ਜੇਲ ਭੇਜਣ ਵਾਲੇ ਵਿਵਾਦਮਈ ਬਿੱਲ ਦਾ ਸਮਰਥਨ ਕੀਤਾ ਹੈ। ਇਹ ਬਿੱਲ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਬੁੱਧਵਾਰ ਨੂੰ ਪਾਸ ਹੋ ਗਿਆ। ਜੇਕਰ ਇਹ ਬਿੱਲ ਸੰਸਦ ਦੇ ਉੱਪਰੀ ਸਦਨ ਸੈਨੇਟ ਵਿਚ  ਪਾਸ ਹੁੰਦਾ ਹੈ ਤਾਂ ਫਿਲੀਪੀਂਸ ਅਫਗਾਨਿਸਤਾਨ ਵਰਗੇ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ, ਜਿੱਥੇ ਅਪਰਾਧ ਲਈ 12 ਸਾਲ ਤੱਕ ਦੇ ਬੱਚਿਆਂ ਨੂੰ ਜੇਲ ਵਿਚ ਭੇਜ ਦਿੱਤਾ ਜਾਂਦਾ ਹੈ। ਇਸ ਬਿੱਲ ਦਾ ਮਨੁੱਖੀ ਅਧਿਕਾਰ ਸੰਗਠਨ ਅਤੇ ਸੰਯੁਕਤ ਰਾਸ਼ਟਰ ਵਿਰੋਧ ਕਰ ਰਹੇ ਹਨ।

ਫਿਲੀਪੀਂਸ ਦੇ ਰਾਸ਼ਟਰਪਤੀ ਰੌਡਰੀਗੋ ਦੁਤਰੇਤੇ ਨੂੰ ਡਰੱਗਜ਼ ਅਤੇ ਅਪਰਾਧ ਵਿਰੁੱਧ ਸਖਤ ਕਦਮ ਚੁੱਕਣ ਲਈ ਜਾਣਿਆ ਜਾਂਦਾ ਹੈ। ਸਾਲ 2016 ਤੋਂ ਹੁਣ ਤੱਕ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਡਰੱਗਜ਼ ਅਤੇ ਦੂਜੇ ਅਪਰਾਧਾਂ ਵਿਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ। ਜਿਸ ਲਈ ਪੂਰੇ ਵਿਸ਼ਵ ਵਿਚ ਦੁਤਰੇਤੇ ਦੀ ਕਾਫੀ ਆਲੋਚਨਾ ਵੀ ਹੋਈ। ਸਜ਼ਾ ਦੀ ਉਮਰ ਘੱਟ ਕਰਨ ਲਈ ਲਿਆਏ ਗਏ ਇਸ ਬਿੱਲ ਨੂੰ ਦੁਤਰੇਤੇ ਦੇ ਅਪਰਾਧ ਵਿਰੁੱਧ ਇਕ ਹੋਰ ਸਖਤ ਕਦਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। 

ਮੰਗਲਵਾਰ ਨੂੰ ਰਾਸ਼ਟਰਪਤੀ ਨੇ ਕਿਹਾ ਸੀ ਕਿ ਡਰੱਗਜ਼ ਦੇ ਕਾਰੋਬਾਰ ਵਿਚ ਸ਼ਾਮਲ ਲੋਕ ਮੌਜੂਦਾ ਕਾਨੂੰਨ ਦੀ ਦੁਰਵਰਤੋਂ ਕਰ ਰਹੇ ਹਨ। ਉਹ ਡਰੱਗਜ਼ ਦੀ ਡਿਲੀਵਰੀ ਅਤੇ ਪੈਸਿਆਂ ਦੀ ਵਸੂਲੀ ਲਈ ਘੱਟ ਉਮਰ ਦੇ ਬੱਚਿਆਂ ਦੀ ਵਰਤੋਂ ਕਰਦੇ ਹਨ। ਇਸ 'ਤੇ ਰੋਕ ਲਗਾਉਣ ਲਈ ਕਾਨੂੰਨ ਵਿਚ ਤਬਦੀਲੀ ਜ਼ਰੂਰੀ ਹੈ। ਇੱਥੇ ਦੱਸ ਦਈਏ ਕਿ ਫਿਲੀਪੀਂਸ ਵਿਚ ਹਾਲੇ ਤੱਕ ਕਿਸੇ ਅਪਰਾਧ ਲਈ ਜੇਲ ਵਿਚ ਭੇਜਣ ਦੀ ਉਮਰ 15 ਸਾਲ ਹੈ, ਜਿਸ ਨੂੰ ਘਟਾ ਕੇ 9 ਸਾਲ ਦਾ ਪ੍ਰਸਤਾਵ ਦਿੱਤਾ ਗਿਆ ਸੀ। ਭਾਵੇਂਕਿ ਇਸ 'ਤੇ ਵਿਵਾਦ ਵੱਧਣ ਦੇ ਬਾਅਦ ਇਸ ਨੂੰ 12 ਸਾਲ ਕਰ ਦਿੱਤਾ ਗਿਆ। ਮਨੁੱਖੀ ਅਧਿਕਾਰ ਕਾਰਕੁੰਨ ਕਾਰਲੋਸ ਕੋਂਡੇ ਨੇ ਕਿਹਾ ਕਿ ਅਪਰਾਧ ਲਈ ਜ਼ਿੰਮੇਵਾਰ ਠਹਿਰਾਏ ਜਾਣ ਲਈ 12 ਸਾਲ ਦੀ ਉਮਰ ਬਹੁਤ ਘੱਟ ਹੈ। ਅਫਗਾਨਿਸਤਾਨ ਦੇ ਇਲਾਵਾ ਦੁਨੀਆ ਵਿਚ ਕੁਝ ਅਜਿਹੇ ਵੀ ਦੇਸ਼ ਹਨ ਜਿੱਥੇ ਕਿਸੇ ਅਪਰਾਧ ਲਈ 12 ਸਾਲ ਦੇ ਬੱਚਿਆਂ ਨੂੰ ਜੇਲ ਵਿਚ ਭੇਜਣ ਦਾ ਕਾਨੂੰਨ ਹੈ।