ਫਿਲੀਪੀਨਜ਼ ''ਚ ਬੰਬ ਧਮਾਕੇ, ਘੱਟੋ-ਘੱਟ 10 ਲੋਕਾਂ ਦੀ ਮੌਤ

08/24/2020 6:31:07 PM

ਮਨੀਲਾ (ਭਾਸ਼ਾ): ਦੱਖਣੀ ਫਿਲੀਪੀਨਜ਼ ਵਿਚ ਸੋਮਵਾਰ ਨੂੰ ਸ਼ੱਕੀ ਇਸਲਾਮਿਕ ਅੱਤਵਾਦੀਆਂ ਦੇ ਸ਼ਕਤੀਸ਼ਾਲੀ ਬੰਬ ਹਮਲੇ ਵਿਚ ਘੱਟੋ-ਘੱਟ 5 ਸੈਨਿਕਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।ਇਸਲਾਮਿਕ ਸਟੇਟ ਸਮੂਹ ਨਾਲ ਸਬੰਧਤ ਅੱਤਵਾਦੀਆਂ ਨੇ ਹਮਲੇ ਦੀ ਚੇਤਾਵਨੀ ਦਿੱਤੀ ਸੀ। 

ਖੇਤਰੀ ਮਿਲਟਰੀ ਕਮਾਂਡਰ ਲੈਫਟੀਨੇਂਟ ਜਨਰਲ ਕਾਰਲੇਟੋ ਵਿਨਲੁਆਨ ਨੇ ਕਿਹਾ ਕਿ ਘੱਟੋ-ਘੱਟ 5 ਸੈਨਿਕ ਅਤੇ ਚਾਰ ਗੈਰ ਮਿਲਟਰੀ ਨਾਗਰਿਕ ਸੁਲੂ ਸੂਬੇ ਦੇ ਜੋਲੋ ਕਸਬੇ ਵਿਚ ਪਹਿਲੇ ਬੰਬ ਧਮਾਕੇ ਵਿਚ ਮਾਰੇ ਗਏ। ਦੁਪਹਿਰ ਵੇਲੇ ਫੌਜ ਦੇ ਦੋ ਟਰੱਕਾਂ ਅਤੇ ਇਕ ਕੰਪਿਊਟਰ ਦੁਕਾਨ ਦੇ ਨੇੜੇ ਹੋਇਆ ਇਹ ਹਮਲਾ ਮੋਟਰਸਾਇਕਲ ਵਿਚ ਵਿਸਫੋਟਕ ਲਗਾ ਕੇ ਅੰਜਾਮ ਦਿੱਤਾ ਗਿਆ।

ਵਿਨਲੁਆਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੱਡੀ ਵਿਚ ਆਈ.ਈ.ਡੀ. ਲੱਗਾ ਸੀ। ਉੱਥੇ ਨੇੜੇ ਹੀ ਇਕ ਘੰਟੇ ਬਾਅਦ ਦੂਜਾ ਧਮਾਕਾ ਹੋਇਆ। ਸਪੱਸ਼ਟ ਤੌਰ 'ਤੇ ਇਸ ਧਮਾਕੇ ਨੂੰ ਇਕ ਬੀਬੀ ਆਤਮਘਾਤੀ ਹਮਲਾਵਰ ਨੇ ਅੰਜਾਮ ਦਿਤਾ। 

ਇਸ ਵਿਚ ਆਤਮਘਾਤੀ ਹਮਲਾਵਰ ਅਤੇ ਇਕ ਸੈਨਿਕ ਦੀ ਮੌਤ ਹੋ ਗਈ। ਵਿਨਲੁਆਨ ਨੇ ਕਿਹਾ,''ਇਕ ਸੈਨਿਕ ਜਦੋਂ ਕਿਸੇ ਦੀ ਜਾਂਚ ਕਰ ਰਿਹਾ ਸੀ ਉਦੋਂ ਦੂਜਾ ਧਮਾਕਾ ਹੋਇਆ।'' ਉੱਥੇ ਇਕ ਹੋਰ ਬੰਬ ਇਕ ਬਾਜ਼ਾਰ ਤੋਂ ਬਰਾਮਦ ਕੀਤਾ ਗਿਆ। ਸੈਨਿਕਾਂ ਅਤੇ ਪੁਲਸ ਨੇ ਇਸ ਨੂੰ ਤੁਰੰਤ ਬੰਦ ਕਰਾ ਦਿੱਤਾ। ਮਿਲਟਰੀ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 40 ਸੈਨਿਕ, ਪੁਲਸ ਅਤੇ ਗੈਰ ਮਿਲਟਰੀ ਨਾਗਰਿਕ ਇਹਨਾਂ ਬੰਬ ਧਮਾਕਿਆਂ ਵਿਚ ਜ਼ਖਮੀ ਹੋਏ ਹਨ। ਪੁਲਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

Vandana

This news is Content Editor Vandana