ਫਿਲੀਪੀਨਜ਼ ਫੌਜ ''ਚ ਭਰਤੀ ਹੋਣ ਵਾਲੀ ਪਹਿਲੀ ਮਹਿਲਾ ਟਰਾਂਸਜੈਂਡਰ ਬਣੀ ''ਗੇਰਾਲਡੀਨ ਰੋਮਨ''

02/16/2018 11:23:00 AM

ਮਨੀਲਾ(ਬਿਊਰੋ)— ਫਿਲੀਪੀਨਜ਼ ਨੇ ਫੌਜ ਵਿਚ ਪਹਿਲੀ ਵਾਰ ਕਿਸੇ ਟਰਾਂਸਜੈਂਡਰ ਨੂੰ ਭਰਤੀ ਕੀਤਾ ਹੈ। ਫਿਲੀਪੀਨਜ਼ ਦੀ ਸੰਸਦ ਕਾਂਗਰਸ ਦੀ ਮੈਂਬਰ 50 ਸਾਲ ਦੀ ਗੇਰਾਲਡੀਨ ਰੋਮਨ ਕੈਥੋਲਿਕ ਬਹੁਲ ਵਾਲੇ ਦੇਸ਼ ਦੀ ਕਾਂਗਰਸ ਵਿਚ 2016 ਵਿਚ ਪਹਿਲੀ ਵਾਰ ਸ਼ਾਮਲ ਹੋਈ। ਫਿਲੀਪੀਨਜ਼ ਦੇ ਰੱਖਿਆ ਵਿਭਾਗ ਦੇ ਬੁਲਾਰੇ ਆਰਸੇਨੀਓ ਆਨਡੋਲਾਂਗ ਨੇ ਦੱਸਿਆ ਕਿ ਉਹ ਫਿਲੀਪੀਨਜ਼ ਦੀ ਫੌਜ ਵਿਚ ਭਰਤੀ ਹੋਣ ਵਾਲੀ ਪਹਿਲੀ ਮਹਿਲਾ ਟਰਾਂਸਜੈਂਡਰ ਹੋਵੇਗੀ। ਉਨ੍ਹਾਂ ਕਿਹਾ ਕਿ ਗੇਰਾਲਡੀਨ ਰੋਮਨ ਦਾ ਫੌਜ ਵਿਚ ਭਰਤੀ ਹੋਣਾ ਇਹ ਦਿਖਾਉਂਦਾ ਹੈ ਕਿ ਜਦੋਂ ਦੇਸ਼ ਦੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਉਸ ਵਿਚ ਜੈਂਡਰ ਕਦੇ ਵੀ ਰੁਕਾਵਟ ਨਹੀਂ ਬਣਦਾ ਹੈ। ਉਨ੍ਹਾਂ ਕਿਹਾ ਕਿ ਯੁੱਧ ਅਤੇ ਆਫਤ ਕਦੇ ਵੀ ਜੈਂਡਰ ਦੇਖ ਕੇ ਨੁਕਸਾਨ ਨਹੀਂ ਪਹੁੰਚਾਉਂਦੇ। ਉਹ ਸਭ ਲਈ ਬਰਾਬਰ ਖਤਰਨਾਕ ਹੁੰਦੇ ਹਨ। ਇਸ ਲਈ ਜਦੋਂ ਦੇਸ਼ ਦੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਇਸ ਵਿਚ ਸਾਰਿਆਂ ਨੂੰ ਹਿੱਸਾ ਲੈਣ ਚਾਹੀਦਾ ਹੈ।
ਫਿਲੀਪੀਨ ਅਕਸਰ ਵਿਧਾਇਕਾ ਅਤੇ ਕੈਬਨਿਟ ਦੇ ਮੈਂਬਰਾਂ ਨੂੰ ਫੌਜ ਵਿਚ ਜਗ੍ਹਾ ਦਿੰਦਾ ਰਹਿੰਦਾ ਹੈ। ਰੋਮਨ ਨੂੰ ਆਰਮੀ ਰਿਜ਼ਰਵ ਵਿਚ ਲੈਫਟੀਨੈਂਟ ਕਰਨਲ ਦੇ ਰੈਂਕ 'ਤੇ ਚੁਣਿਆ ਗਿਆ ਹੈ। ਇਸ ਦੇ ਨਾਲ 2 ਹੋਰ ਸਾਥੀਆਂ ਨੂੰ ਵੀ ਆਰਮੀ ਲਈ ਚੁੱਣਿਆ ਗਿਆ ਹੈ। ਇਕ ਪ੍ਰਸਿੱਧ ਰਾਜਨੀਤਕ ਪਰਿਵਾਰ ਵਿਚ ਜਨਮ ਲੈਣ ਵਾਲੀ ਰੋਮਨ ਨੇ 1990 ਵਿਚ ਆਪਣਾ ਜੈਂਡਰ ਬਦਲਵਾ ਲਿਆ ਸੀ। ਐਲ. ਜੀ. ਬੀ. ਟੀ ਸਮਾਜ ਦੇ ਲੋਕਾਂ ਨੇ ਰੋਮਨ ਦੀ ਇਸ ਰਾਜਨੀਤਕ ਸਫਲਤਾ ਦੀ ਤਾਰੀਫ ਕੀਤੀ ਹੈ। ਖਾਸ ਕਰ ਕੇ ਉਸ ਸਮਾਜ ਲਈ ਇਹ ਵੱਡੀ ਉਪਲੱਬਧੀ ਹੈ, ਜਿੱਥੇ ਤਲਾਕ ਅਤੇ ਸਮਲਿੰਗੀ ਵਿਆਹ 'ਤੇ ਰੋਕ ਹੈ।