ਫਿਲੀਪੀਨਜ਼ : ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਤੇ ਹੋਰ 73 ਜ਼ਖਮੀ

05/07/2019 8:06:25 AM

ਮਨੀਲਾ— ਫਿਲੀਪੀਨਜ਼ 'ਚ ਮੰਗਲਵਾਰ ਸਵੇਰੇ ਇਕ ਯਾਤਰੀ ਬੱਸ ਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ ਹੋਰ 73 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਕਵੇਜ਼ੋਨ ਸੂਬੇ ਦੇ ਅਤਿਮੋਨਨ ਨਗਰ 'ਚ ਹਾਈਵੇਅ 'ਤੇ ਵਾਪਰਿਆ। ਦੋਹਾਂ ਵਾਹਨਾਂ ਵਿਚਕਾਰ ਇੰਨੀ ਜ਼ਬਰਦਸਤ ਟੱਕਰ ਹੋਈ ਕਿ ਟਰੱਕ ਡਰਾਈਵਰ, ਉਸ ਦੇ ਸਾਥੀ ਤੇ ਬੱਸ 'ਚ ਸਵਾਰ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਬੱਸ ਮਨੀਲਾ ਦੇ ਦੱਖਣੀ ਇਲਾਕੇ ਤੋਂ ਬਿਸੋਲ ਖੇਤਰ 'ਚ ਜਾ ਰਹੀ ਸੀ ਜਦਕਿ ਟਰੱਕ ਮਨੀਲਾ ਜਾ ਰਿਹਾ ਸੀ। ਸ਼ੁਰੂਆਤੀ ਜਾਂਚ 'ਚ ਹਾਦਸੇ ਦਾ ਕਾਰਨ ਬੱਸ ਦਾ ਹੋਰ ਵਾਹਨਾਂ ਨੂੰ ਓਵਰਟੇਕ ਕਰਨਾ ਦੱਸਿਆ ਜਾ ਰਿਹਾ ਹੈ ਕਿਉਂਕਿ ਬੱਸ ਦੀ ਟੱਕਰ ਦੂਜੀ ਲੇਨ 'ਚ ਟਰੱਕ ਦੇ ਸਾਹਮਣਿਓਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।