ਮੁਸ਼ੱਰਫ ਨੇ ਭਾਰਤ ਵਿਰੁੱਧ ਉੱਗਲਿਆ ਜ਼ਹਿਰਾ, ਕਿਹਾ- ਹਾਫਿਜ਼ ਸਈਦ ਦਾ ਹਾਂ ਸਭ ਤੋਂ ਵੱਡਾ ਸਮਰਥਕ

11/29/2017 3:55:57 PM

ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਖੁਦ ਨੂੰ ਲਸ਼ਕਰ-ਏ-ਤੋਇਬਾ ਅਤੇ ਉਸ ਦੇ ਸੰਸਥਾਪਕ ਹਾਫਿਜ਼ ਸਈਦ ਦਾ ਸਭ ਤੋਂ ਵੱਡਾ ਸਮਰਥਕ ਦੱਸਿਆ ਹੈ। ਉਨ੍ਹਾਂ ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਅੱਤਵਾਦੀ ਹਾਫਿਜ਼ ਸਈਦ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਮੈਨੂੰ ਬਹੁਤ ਪਸੰਦ ਹੈ। ਮੁਸ਼ੱਰਫ ਨੇ ਹਾਫਿਜ਼ ਬਾਰੇ ਇਹ ਵੀ ਕਿਹਾ ਕਿ ਨਾ ਸਿਰਫ ਮੈਂ ਸਗੋਂ ਕਿ ਉਹ ਵੀ ਮੈਨੂੰ ਪਸੰਦ ਕਰਦੇ ਹਨ। ਸਈਦ ਦੀ ਨਜ਼ਰਬੰਦੀ ਤੋਂ ਰਿਹਾਈ ਦੇ ਕੁਝ ਹੀ ਦਿਨ ਬਾਅਦ ਮੁਸ਼ੱਰਫ ਨੇ ਇਹ ਟਿੱਪਣੀ ਕੀਤੀ ਹੈ। ਸਈਦ ਇਸ ਸਾਲ ਜਨਵਰੀ ਤੋਂ ਹੀ ਆਪਣੇ ਘਰ ਵਿਚ ਨਜ਼ਰਬੰਦ ਸੀ। 
ਹਾਲ ਹੀ 'ਚ 23 ਸਿਆਸੀ ਦਲਾਂ ਦੇ ਮਹਾਗਠਜੋੜ ਦਾ ਐਲਾਨ ਕਰਨ ਵਵਾਲੇ ਮੁਸ਼ੱਰਫ ਹਮੇਸ਼ਾ ਤੋਂ ਜੰਮੂ-ਕਸ਼ਮੀਰ 'ਚ ਕਾਰਵਾਈ ਕਰਨ ਅਤੇ ਭਾਰਤੀ ਫੌਜ ਨੂੰ ਦਬਾਉਣ ਦੇ ਪੱਖ ਵਿਚ ਹਨ। ਉਨ੍ਹਾਂ ਕਿਹਾ ਕਿ ਲਸ਼ਕਰ-ਏ-ਤੋਇਬਾ ਸਭ ਤੋਂ ਵੱਡੀ ਤਾਕਤ ਹੈ। ਭਾਰਤ ਨੇ ਅਮਰੀਕਾ ਨਾਲ ਸਾਂਝੇਦਾਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੱਤਵਾਦੀ ਐਲਾਨ ਕਰਵਾ ਦਿੱਤਾ। ਪਾਕਿਸਤਾਨ ਵਿਚ ਜਮਾਤ-ਉਦ-ਦਾਵਾ ਦਾ ਮੁਖੀ ਸਈਦ ਹੈ। ਮੁਸ਼ੱਰਫ ਨੇ ਅੱਗ ਉਗਲਣਾ ਇੱਥੇ ਹੀ ਬੰਦ ਨਹੀਂ ਕੀਤਾ, ਸਗੋਂ ਕਿ ਇਹ ਵੀ ਕਿਹਾ ਕਿ ਲਸ਼ਕਰ-ਏ-ਤੋਇਬਾ ਕਸ਼ਮੀਰ ਵਿਚ ਹੈ ਅਤੇ ਇਹ ਸਾਡੇ ਅਤੇ ਕਸ਼ਮੀਰ ਦਾ ਮਾਮਲਾ ਹੈ।
ਮੁਸ਼ੱਰਫ ਨੇ ਕਿਹਾ ਸੀ ਕਿ 1990 ਦੇ ਦਹਾਕੇ ਵਿਚ ਕਸ਼ਮੀਰ ਵਿਚ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ। ਉਸ ਸਮੇਂ ਲਸ਼ਕਰ-ਏ-ਤੋਇਬਾ ਅਤੇ 12 ਹੋਰ ਸੰਗਠਨਾਂ ਦਾ ਗਠਨ ਹੋਇਆ ਸੀ। ਅਸੀਂ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ, ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਕੀਮਤ 'ਤੇ ਕਸ਼ਮੀਰ 'ਚ ਲੜ ਰਹੇ ਸਨ।