ਪੇਰੂ : ਮੇਅਰ ਨੇ ਗ੍ਰਿਫਤਾਰੀ ਤੋਂ ਬਚਣ ਲਈ ਕੀਤਾ ਕੋਰੋਨਾ ਨਾਲ ਮਰਨ ਦਾ ਨਾਟਕ

05/21/2020 4:51:54 PM

ਲੀਮਾ (ਬਿਊਰੋ): ਕੋਰੋਨਾਵਾਇਰਸ ਮਹਾਸੰਕਟ ਨਾਲ ਜੂਝ ਰਹੇ ਲੈਟਿਨ ਅਮਰੀਕੀ ਦੇਸ਼ ਪੇਰੂ ਦੇ ਇਕ ਛੋਟੇ ਜਿਹੇ ਕਸਬੇ ਦੇ ਮੇਅਰ ਨੇ ਸਜ਼ਾ ਤੋਂ ਬਚਣ ਲਈ ਅਜੀਬੋ-ਗਰੀਬ ਹਰਕਤ ਕੀਤੀ। ਅਸਲ ਵਿਚ ਮੇਅਰ ਨੇ ਪੁਲਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਕੋਰੋਨਾਵਾਇਰਸ ਨਾਲ ਮਰਨ ਦਾ ਨਾਟਕ ਕੀਤਾ ਅਤੇ ਤਾਬੂਤ ਦੇ ਅੰਦਰ ਲੇਟ ਗਏ। ਦੱਸਿਆ ਜਾ ਰਿਹਾ ਹੈ ਕਿ ਮੇਅਰ ਜੇਮੀਏ ਰੋਲਾਂਡੋ ਕੋਰੋਨਾ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੋਸਤਾਂ ਦੇ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ। ਪੁਲਸ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਉਦੋਂ ਉਹਨਾਂ ਨੇ ਇਹ ਡਰਾਮਾ ਕੀਤਾ।

ਦੱਖਣੀ ਪੇਰੂ ਦੇ ਤੰਤਾਰਾ ਕਸਬੇ ਦੇ ਮੇਅਰ ਰੋਲਾਂਡੋ ਨੂੰ ਸੋਮਵਾਰ ਰਾਤ ਜਦੋਂ ਪੁਲਸ ਅਧਿਕਾਰੀ ਫੜਨ ਲਈ ਪਹੁੰਚੇ ਤਾਂ ਉਹਨਾਂ ਨੂੰ ਇਕ ਖੁੱਲ੍ਹੇ ਤਾਬੂਤ ਵਿਚ ਲੇਟੇ ਪਾਇਆ। ਮੇਅਰ ਨੇ ਮਾਸਕ ਪਹਿਨਿਆ ਹੋਇਆ ਸੀ। ਪੁਲਸ ਕਰਮੀਆਂ ਨੇ ਮੌਕੇ 'ਤੇ ਉਹਨਾਂ ਦੀ ਇਕ ਤਸਵੀਰ ਖਿੱਚ ਲਈ। ਫਿਰ ਪੁਲਸ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਰੋਲਾਂਡੋ ਦੋਸਤਾਂ ਦੇ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ ਜੋ ਨਿਯਮਾਂ ਦੀ ਉਲੰਘਣਾ ਹੈ। 

ਪੜ੍ਹੋ ਇਹ ਅਹਿਮ ਖਬਰ- ਜਦੋਂ ਯੂਨੀਫਾਰਮ ਦੀ ਜਗ੍ਹਾ PPE ਪਹਿਨ ਪਹੁੰਚੀ ਨਰਸ, ਹੋਵੇਗੀ ਕਾਰਵਾਈ

ਰੋਲਾਂਡੋ 'ਤੇ ਕੋਰੋਨਾਵਾਇਰਸ ਨੂੰ ਹਲਕੇ ਵਿਚ ਲੈਣ ਅਤੇ ਕਸਬੇ ਦੇ ਅੰਦਰ ਸੁਰੱਖਿਆ ਮਾਪਦੰਡਾਂ ਦਾ ਖਿਆਲ ਨਾ ਰੱਖਣ ਦਾ ਪਹਿਲਾ ਦੋਸ਼ ਲੱਗ ਚੁੱਕਾ ਹੈ। ਪੇਰੂ ਵਿਚ 66 ਦਿਨ ਪਹਿਲਾਂ ਲਾਕਡਾਊਨ ਘੋਸ਼ਿਤ ਕੀਤਾ ਗਿਆ ਸੀ। ਡੇਲੀ ਮੇਲ ਦੀ ਖਬਰ ਦੇ ਮੁਤਾਬਕ ਸਥਾਨਕ ਲੋਕ ਰੋਲਾਂਡੋ ਨੂੰ ਲੈਕੇ ਗੁੱਸੇ ਵਿਚ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੇਅਰ ਲਾਕਡਾਊਨ ਸ਼ੁਰੂ ਹੋਣ ਦੇ 66 ਦਿਨਾਂ ਵਿਚ ਸਿਰਫ 8 ਦਿਨ ਹੀ ਸ਼ਹਿਰ ਵਿਚ ਰਹੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਰੋਲਾਂਡੇ ਨੇ ਕਸਬੇ ਵਿਚ ਸੁਰੱਖਿਆ ਦੇ ਲਿਹਾਜ ਨਾਲ ਜ਼ਰੂਰੀ ਕਦਮ ਨਹੀਂ ਚੁੱਕੇ। ਇਸ ਵਿਚ ਪੇਰੂ ਵਿਚ ਕੋਰੋਨਾਵਾਇਰਸ ਦੇ ਮਾਮਲੇ 1 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ। ਜਦਕਿ ਮ੍ਰਿਤਕਾਂ ਦੀ ਗਿਣਤੀ 3024 ਹੈ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦਾ ਅੰਕੜਾ 50 ਲੱਖ ਦੇ ਪਾਰ ਜਾ ਚੁੱਕਾ ਹੈ ਜਦਕਿ 3 ਲੱਖ 29 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। 
 

Vandana

This news is Content Editor Vandana