ਕਲਯੁਗੀ ਧੀ ਦਾ ਸ਼ਰਮਨਾਕ ਕਾਰਾ, ਮਾਂ ਦਾ ਕਤਲ ਕਰਨ ਮਗਰੋਂ ਵਿਹੜੇ 'ਚ ਦੱਬੀ ਲਾਸ਼

03/06/2018 12:42:29 PM

ਪਰਥ— ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਇਕ ਧੀ ਨੇ ਆਪਣੀ 76 ਸਾਲਾ ਮਾਂ ਦਾ ਕਤਲ ਕਰ ਕੇ ਉਸ ਨੂੰ ਘਰ ਦੇ ਵਿਹੜੇ 'ਚ ਦਫਨਾ ਦਿੱਤਾ। ਅਦਾਲਤ ਨੇ ਕਾਤਲ ਧੀ ਨੂੰ 20 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। 76 ਸਾਲਾ ਐਲਾ ਵਿਕਟੋਰੀਆ ਦੀ ਲਾਸ਼ ਪਰਥ ਦੇ ਦੱਖਣੀ ਗਿਲਡਫੋਰਡ ਸਥਿਤ ਘਰ ਦੇ ਵਿਹੜੇ 'ਚੋਂ ਮਾਰਚ 2016 'ਚ ਬਰਾਮਦ ਕੀਤੀ ਗਈ। ਐਲਾ ਦੀ 57 ਸਾਲਾ ਧੀ ਹੇਲੇਨ ਲੇਵਿਨਾ ਨੂੰ ਪੱਛਮੀ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਬੀਤੇ ਸਾਲ ਦੋਸ਼ੀ ਕਰਾਰ ਦਿੱਤਾ ਸੀ। ਮੰਗਲਵਾਰ ਨੂੰ ਅਦਾਲਤ ਨੇ ਸੁਣਵਾਈ ਦੌਰਾਨ ਦੱਸਿਆ ਕਿ ਧੀ ਹੇਲੇਨ ਦੇ ਆਪਣੀ ਮਾਂ ਨਾਲ ਸੰਬੰਧ ਠੀਕ ਨਹੀਂ ਸਨ। ਹੇਲੇਨ ਨੇ ਆਪਣੀ ਮਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜੱਜ ਯੁਸੂਫ ਮੈਕਗ੍ਰਾਥ ਨੇ ਦੱਸਿਆ ਕਿ ਇਹ ਗੱਲ ਸਾਫ ਹੈ ਕਿ ਮਾਂ-ਧੀ ਦੇ ਸੰਬੰਧ ਚੰਗੇ ਨਹੀਂ ਸਨ। ਜੱਜ ਨੇ ਕਿਹਾ ਕਿ ਹੇਲੇਨ ਆਪਣੀ ਮਾਂ ਨਾਲ ਨਫਰਤ ਕਰਦੀ ਸੀ, ਜਿਸ ਕਾਰਨ ਉਸ ਨੇ ਅਜਿਹੀ ਸਾਜ਼ਿਸ਼ ਰਚੀ। ਜੱਜ ਨੇ ਕਿਹਾ ਕਿ ਹੇਲੇਨ ਨੇ ਕਤਲ ਤੋਂ ਬਾਅਦ ਝੂਠ ਬੋਲਿਆ ਅਤੇ ਜਿਸ ਥਾਂ ਲਾਸ਼ ਨੂੰ ਦਫਨਾਇਆ ਉਸ 'ਤੇ ਬਲੀਚ (ਰਸਾਇਣ) ਪਾ ਦਿੱਤੀ।

ਘਰ 'ਚ ਐਲਾ ਦੇ ਨਜ਼ਰ ਨਾ ਆਉਣ 'ਤੇ ਜਦੋਂ ਹੇਲੇਨ ਤੋਂ ਕਿਸੇ ਨੇ ਪੁੱਛਿਆ ਕਿ ਤੁਹਾਡੀ ਮਾਂ ਕਿੱਥੇ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਦੋਸਤ ਦੇ ਘਰ ਗਈ ਹੈ। ਹੇਲੇਨ ਦੀ ਧੀ ਨੇ ਹੀ ਆਪਣੀ ਨਾਨੀ ਐਲਾ ਦੀ ਲਾਸ਼ ਨੂੰ ਲੱਭਿਆ ਸੀ, ਜਦੋਂ ਕੁੱਤਾ ਐਲਾ ਦੀ ਖੋਪੜੀ ਲੈ ਕੇ ਜਾ ਰਿਹਾ ਸੀ। ਅਦਾਲਤ 'ਚ ਸੁਣਵਾਈ ਦੌਰਾਨ ਹੇਲੇਨ ਨੇ ਦੱਸਿਆ ਕਿ ਉਸ ਨੇ ਆਪਣੀ ਗੁਆਂਢਣ ਨੂੰ ਦੱਸਿਆ ਸੀ ਕਿ ਉਹ ਆਪਣੀ ਮਾਂ ਨਾਲ ਰਹਿਣਾ ਨਹੀਂ ਚਾਹੁੰਦੀ ਅਤੇ ਉਸ ਨੂੰ ਮਾਰ ਦੇਵੇਗੀ।