ਇਮੀਗ੍ਰੇਸ਼ਨ ਵਿਭਾਗ ਦਾ ਖੁਲਾਸਾ, ਵੀਜ਼ਾ ਖਤਮ ਹੋਣ ''ਤੇ ਵੀ ਆਸਟਰੇਲੀਆ ''ਚ ਰਹਿ ਰਹੇ ਹਨ ਵਿਦੇਸ਼ੀ

07/20/2017 2:33:59 PM

ਕੈਨਬਰਾ— ਆਸਟਰੇਲੀਆ ਇਮੀਗ੍ਰੇਸ਼ਨ ਵਿਭਾਗ ਅਤੇ ਸਰਹੱਦ ਸੁਰੱਖਿਆ ਵਲੋਂ ਨਵੇਂ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਆਸਟਰੇਲੀਆ ਵਿਚ 64,000 ਲੋਕ ਬਿਨਾਂ ਵੀਜ਼ੇ ਦੇ ਰਹਿ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ 64,000 'ਚੋਂ 12,080 ਲੋਕ ਅਜਿਹੇ ਹਨ, ਜਿਨ੍ਹਾਂ ਦੇ ਵੀਜ਼ੇ ਨੂੰ ਖਤਮ ਹੋਇਆ 20 ਸਾਲ ਤੋਂ ਵਧ ਸਮਾਂ ਹੋ ਚੁੱਕਾ ਹੈ ਅਤੇ ਇੱਥੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਹਨ। 
6,670 ਲੋਕ ਇੱਥੇ ਰਹਿ ਰਹੇ ਹਨ, ਜਿਨ੍ਹਾਂ ਦੇ ਵੀਜ਼ੇ ਨੂੰ ਖਤਮ ਹੋਇਆ 15 ਤੋਂ 20 ਸਾਲ ਹੋ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਲੇਸ਼ੀਆ ਦੇ ਨਾਗਰਿਕ ਹਨ। ਵਿਭਾਗ ਮੁਤਾਬਕ ਇਹ ਅੰਕੜੇ ਪਿਛਲੇ ਸਾਲ ਦੀ 30 ਜੂਨ ਦੇ ਹਨ। ਵਿਭਾਗ ਨੇ ਦੇਖਿਆ ਕਿ ਬੀਤੇ ਸਾਲ ਤੋਂ 64,000 ਲੋਕ ਇੱਥੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਹਨ। ਵਿਭਾਗ ਦੇ ਅੰਕੜਿਆਂ ਮੁਤਾਬਕ ਇਹ ਲੋਕ ਆਸਟਰੇਲੀਆ ਦੇ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਇਲਾਕਿਆਂ ਵਿਚ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ ਸਾਲ 2016-17 ਨੂੰ ਗੈਰ-ਨਾਗਰਿਕਾਂ ਨੂੰ ਦੇਖਿਆ ਗਿਆ ਅਤੇ 1,756 ਲੋਕ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ।