ਮਿਆਂਮਾਰ ''ਚ ਲੋਕਾਂ ਨੇ ਹਾਰਨ ਅਤੇ ਭਾਂਡੇ ਵਜਾ ਕੇ ਕੀਤਾ ਤਖ਼ਤਾਪਲਟ ਦਾ ਵਿਰੋਧ

02/03/2021 12:39:15 PM

ਯਾਂਗੂਨ- ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਕਾਰਾਂ ਦੇ ਹਾਰਨ ਅਤੇ ਭਾਂਡੇ ਵਜਾ ਕੇ ਦੇਸ਼ ਵਿਚ ਫ਼ੌਜੀ ਤਖ਼ਤਾਪਲਟ ਦਾ ਵਿਰੋਧ ਕੀਤਾ। ਦੇਸ਼ ਵਿਚ ਫ਼ੌਜੀ ਤਖ਼ਤਾਪਲਟ ਦੇ ਵਿਰੋਧ ਵਿਚ ਇਹ ਪਹਿਲਾ ਜਨਤਕ ਵਿਰੋਧ ਹੈ। ਯਾਂਗੂਨ ਅਤੇ ਗੁਆਂਢੀ ਖੇਤਰਾਂ ਵਿਚ ਇਸ ਪ੍ਰਦਰਸ਼ਨ ਦੌਰਾਨ ਹਿਰਾਸਤ ਵਿਚ ਬੰਦ ਨੇਤਾ ਆਂਗ ਸਾਨ ਸੂ ਚੀ ਦੀ ਚੰਗੀ ਸਿਹਤ ਦੀਆਂ ਕਾਮਨਾਵਾਂ ਕੀਤੀਆਂ ਗਈਆਂ ਅਤੇ ਸੁਤੰਤਰਤਾ ਦੀ ਮੰਗ ਕਰਦੇ ਹੋਏ ਨਾਅਰੇ ਲਾਏ ਗਏ। ਇਕ ਪ੍ਰਦਸ਼ਨਕਾਰੀ ਨੇ ਆਪਣਾ ਨਾਮ ਜ਼ਾਹਰ ਨਹੀਂ ਕਰਨ ਦੀ ਸ਼ਰਤ 'ਤੇ ਕਿਹਾ,"ਮਿਆਂਮਾਰ ਦੇ ਸੱਭਿਆਚਾਰ ਵਿਚ ਡਰੱਮ ਵਜਾਉਣ ਦਾ ਅਰਥ ਸ਼ੈਤਾਨ ਨੂੰ ਬਾਹਰ ਕਰਨਾ ਹੁੰਦਾ ਹੈ।"

ਕਈ ਲੋਕਤੰਤਰ ਸਮਰਥਕ ਸਮੂਹਾਂ ਨੇ ਤਖ਼ਤਾਪਲਟ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਲੋਕਾਂ ਤੋਂ ਮੰਗਲਵਾਰ ਰਾਤ 8 ਵਜੇ ਆਵਾਜ਼ ਚੁੱਕਣ ਦੀ ਅਪੀਲ ਕੀਤੀ ਸੀ। ਸੂ ਚੀ ਕੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦੇ ਨੇਤਾ ਵਿਨ ਤਿੰਨ ਨੇ ਕਿਹਾ, "ਸਾਡੇ ਦੇਸ਼ 'ਤੇ ਤਖ਼ਤਾਪਲਟ ਦਾ ਸ਼ਰਾਪ ਹੈ ਅਤੇ ਇਸ ਲਈ ਸਾਡਾ ਦੇਸ਼ ਗਰੀਬ ਬਣਿਆ ਹੋਇਆ ਹੈ। ਮੈਂ ਆਪਣੇ ਸਾਥੀ ਨਾਗਰਿਕਾਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਾਂ।" 

ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਫ਼ੌਜ ਨੇ ਸਰਕਾਰੀ ਰਿਹਾਇਸ਼ੀ ਕੰਪਲੈਕਸ ਵਿਚ ਨਜ਼ਰਬੰਦ ਰੱਖੇ ਗਏ ਸੈਂਕੜੇ ਸੰਸਦ ਮੈਂਬਰਾਂ 'ਤੇ ਲੱਗੀਆਂ ਪਾਬੰਦੀਆਂ ਮੰਗਲਵਾਰ ਨੂੰ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਵੀਂ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਘਰ ਜਾਣ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂ ਚੀ ਦੀ ਸਿਹਤ ਚੰਗੀ ਹੈ ਅਤੇ ਉਨ੍ਹਾਂ ਨੂੰ ਇਕ ਵੱਖਰੇ ਸਥਾਨ 'ਤੇ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਕੁਝ ਹੋਰ ਸਮੇਂ ਤੱਕ ਰੱਖਿਆ ਜਾਵੇਗਾ। ਹਾਲਾਂਕਿ ਇਸ ਬਿਆਨ ਦੀ ਪੁਸ਼ਟੀ ਨਹੀਂ ਹੋ ਸਕੀ ਹੈ। 
 

Lalita Mam

This news is Content Editor Lalita Mam