ਦਿਨ-ਬਦਿਨ ਵੱਧ ਰਹੀਆਂ ਘਟਨਾਵਾਂ ਤੋਂ ਚਿੰਤਤ ਇੰਗਲੈਂਡ ਦੇ ਲੋਕ ਥੈਰੇਸਾ ਵਿਰੁੱਧ ਉੱਤਰੇ ਸੜਕਾਂ ''ਤੇ

06/18/2017 3:39:33 PM

ਲੰਡਨ (ਰਾਜਵੀਰ ਸਮਰਾ)—ਇੰਗਲੈਂਡ 'ਚ ਦਿਨੋਂ-ਦਿਨ ਵਧ ਰਹੀਆਂ ਵੱਖ-ਵੱਖ ਘਟਨਾਵਾਂ ਤੋਂ ਚਿੰਤਤ ਲੋਕ ਲੰਡਨ ਅੱਗ ਹਾਦਸੇ ਅਤੇ ਇਸ ਤੋਂ ਪਹਿਲਾਂ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਦੇ ਪੀੜਤ ਪਰਿਵਾਰਾਂ ਦੇ ਹੱਕ 'ਚ ਅਤੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਿਰੁੱਧ ਸੜਕਾਂ 'ਤੇ ਉਤਰ ਆਏ। ਲੋਕਾਂ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ 'ਤੇ ਦੋਸ਼ ਲਗਾਇਆ ਕਿ ਬਰਤਾਨੀਆ 'ਚ ਅਮਨ-ਸ਼ਾਂਤੀ ਬਹਾਲ ਕਰਨ 'ਚ ਥੈਰੇਸਾ ਮੇਅ ਨਾਕਾਮਯਾਬ ਰਹੀ ਹੈ। ਇਸ ਸਬੰਧ 'ਚ ਵੱਖ-ਵੱਖ ਥਾਵਾਂ 'ਤੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਲੋਕਾਂ ਨੇ ਕਿਹਾ ਕਿ ਨਿੱਤ ਨਵੀਆਂ ਘਟਨਾਵਾਂ ਕਾਰਨ ਕਈ ਬੇਦੋਸ਼ਿਆਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ ਅਤੇ ਬੱਚੇ ਅਨਾਥ ਹੋ ਰਹੇ ਹਨ। ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾਉਣ 'ਚ ਫੇਲ੍ਹ ਰਹੀ ਹੈ। ਲੋਕਾਂ ਨੇ ਕਿਹਾ ਕਿ ਥੈਰੇਸਾ ਮੇਅ ਬਰਤਾਨੀਆ 'ਚ ਅਮਨ-ਸ਼ਾਂਤੀ ਬਹਾਲ ਨਹੀਂ ਰੱਖ ਸਕਦੀ, ਇਸ ਲਈ ਇਸ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਸਬੰਧ 'ਚ ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਨੇ ਲੋਕਾਂ ਨੂੰ ਇਸ ਔਖੀ ਘੜੀ 'ਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਸਬਰ ਰੱਖਣ ਲਈ ਕਿਹਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 24 ਮੰਜ਼ਿਲਾ ਟਾਵਰ ਨੂੰ ਲੱਗੀ ਅੱਗ 'ਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ 58 ਹੋ ਗਈ ਅਤੇ ਇਹ ਗਿਣਤੀ ਹੋਰ ਵੱਧ ਸਕਦੀ ਹੈ |