ਹੁਸ਼ਿਆਰਪੁਰ ਦੀ ਔਰਤ ਦਾ ਕਤਲ, ਕਾਤਲ ਪਤੀ ਦੇ ਪਿਤਾ ਨੇ ਕਿਹਾ- 'ਮੇਰਾ ਪੁੱਤ ਤਾਂ ਕੀੜੀ ਨਹੀਂ ਮਾਰ ਸਕਦਾ'

11/02/2017 1:02:22 PM

ਸਿਡਨੀ (ਬਿਊਰੋ)— ਸਿਡਨੀ 'ਚ 2 ਦਸੰਬਰ 2013 ਨੂੰ ਹੁਸ਼ਿਆਰਪੁਰ ਦੀ ਰਹਿਣ ਵਾਲੀ 32 ਸਾਲਾ ਔਰਤ ਪਰਵਿੰਦਰ ਕੌਰ ਦੀ ਮੌਤ ਹੋ ਗਈ ਸੀ।  ਉੱਤਰੀ-ਪੱਛਮੀ ਸਿਡਨੀ ਦੇ ਰਾਊਸ ਹਿੱਲ ਸਥਿਤ ਘਰ 'ਚੋਂ ਪਰਵਿੰਦਰ ਅੱਗ ਦਾ ਗੋਲਾ ਬਣੀ ਬਾਹਰ ਭੱਜ ਕੇ ਆਈ ਸੀ। ਪਰਵਿੰਦਰ 90 ਫੀਸਦੀ ਤੱਕ ਸੜੀ ਹੋਈ ਸੀ ਅਤੇ ਐਂਬੂਲੈਂਸ ਜ਼ਰੀਏ ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਗੰਭੀਰ ਰੂਪ ਨਾਲ ਸੜੀ ਹੋਣ ਕਾਰਨ ਅਗਲੇ ਦਿਨ ਉਸ ਦੀ ਮੌਤ ਹੋ ਗਈ। 


ਤਕਰੀਬਨ 4 ਸਾਲ ਤੱਕ ਚੱਲੀ ਲੰਬੀ ਜਾਂਚ ਤੋਂ ਬਾਅਦ ਪੁਲਸ ਨੇ ਪਰਵਿੰਦਰ ਦੀ ਪਤੀ ਕੁਲਵਿੰਦਰ ਨੂੰ ਕਤਲ ਦੇ ਦੋਸ਼ 'ਚ ਬੁੱਧਵਾਰ ਭਾਵ ਕੱਲ ਗ੍ਰਿਫਤਾਰ ਕੀਤਾ। ਕੁਲਵਿੰਦਰ ਤੋਂ ਪੁਲਸ ਪੁੱਛ-ਗਿੱਛ ਕਰ ਰਹੀ ਹੈ, ਜਿਸ ਤੋਂ ਇਹ ਸਾਫ ਹੋ ਸਕੇਗਾ ਕਿ ਆਖਰਕਾਰ ਪਰਵਿੰਦਰ ਕਿਵੇਂ ਸੜੀ। ਪੁਲਸ ਦਾ ਕਹਿਣਾ ਹੈ ਕਿ ਇਹ ਮਾਮਲਾ ਕਾਫੀ ਗੁੰਝਲਦਾਰ ਹੈ, ਜਿਸ ਕਾਰਨ ਜਾਂਚ ਲਈ ਲੰਬਾ ਸਮਾਂ ਲੱਗਿਆ ਕਿਉਂਕਿ ਇਸ ਪੂਰੇ ਕੇਸ 'ਚ ਕੋਈ ਗਵਾਹ ਨਹੀਂ ਸੀ।

ਓਧਰ ਕੁਲਵਿੰਦਰ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ 'ਤੇ ਝੂਠੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਤਾਂ ਕੀੜੀ ਨਹੀਂ ਮਾਰ ਸਕਦਾ। ਉਸ 'ਤੇ ਲਾਏ ਗਏ ਦੋਸ਼ 100 ਫੀਸਦੀ ਝੂਠੇ ਹਨ ਅਤੇ ਮੈਂ ਆਪਣੇ ਪੁੱਤਰ ਨੂੰ ਬੇਕਸੂਰ ਮੰਨਦਾ ਹਾਂ। ਪਰਵਿੰਦਰ ਦੇ ਮਰਨ ਸਮੇਂ ਕੋਈ ਸਬੂਤ ਨਹੀਂ ਸਨ ਤਾਂ ਹੁਣ ਪੁਲਸ ਕੋਲ ਸਬੂਤ ਕਿੱਥੋਂ ਆ ਗਏ। ਉਨ੍ਹਾਂ ਕਿਹਾ ਕਿ ਮੈਂ ਹੋਰ ਕੁਝ ਨਹੀਂ ਕਹਿ ਸਕਦਾ। 


ਜ਼ਿਕਰਯੋਗ ਹੈ ਕਿ ਪਰਵਿੰਦਰ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਅਤੇ ਉਸ ਦਾ 2005 'ਚ ਕੁਲਵਿੰਦਰ ਨਾਲ ਵਿਆਹ ਹੋਇਆ ਸੀ। ਪਰਵਿੰਦਰ 2006 'ਚ ਸਿਡਨੀ ਆ ਗਈ ਸੀ। ਪਰਵਿੰਦਰ ਦਾ ਪਰਿਵਾਰ 4 ਸਾਲਾਂ ਤੋਂ ਇਨਸਾਫ ਦੀ ਉਡੀਕ 'ਚ ਬੈਠਾ ਹੈ।