ਬਾਲ ਮਜ਼ਦੂਰੀ ਤੋਂ ਮੁਕਤ ਪਹਿਲਾ ਲਾਤੀਨੀ ਅਮਰੀਕੀ ਦੇਸ਼ ਬਣੇਗਾ ਪਨਾਮਾ : ਜੁਆਨ

03/27/2018 4:11:40 PM

ਅੱਮਾਨ (ਭਾਸ਼ਾ)— ਪਨਾਮਾ ਦੇ ਰਾਸ਼ਟਰਪਤੀ ਜੁਆਨ ਕਾਰਲੋਸ ਵਰੇਲਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ ਬਾਲ ਮਜ਼ਦੂਰੀ 'ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਹੈ। ਹੁਣ ਪਨਾਮਾ ਜਲਦੀ ਹੀ ਇਸ ਸਮੱਸਿਆ ਤੋਂ ਮੁਕਤ ਹੋਣ ਵਾਲਾ ਪਹਿਲਾ ਲਾਤੀਨੀ ਅਮਰੀਕੀ ਦੇਸ਼ ਬਣ ਜਾਵੇਗਾ। ਜੁਆਨ ਕਾਰਲੋਸ ਨੇ 'ਲੌਰੇਟਸ ਐਂਡ ਲੀਡਰਸ ਫੌਰ ਚਿਲਡਰਨ' ਸ਼ਿਖਰ ਬੈਠਕ ਵਿਚ ਕਿਹਾ,''ਪਨਾਮਾ ਦੀ ਸਰਕਾਰ ਵੱਖ-ਵੱਖ ਏਜੰਸੀਆਂ ਅਤੇ ਜਨਤਾ ਦੀ ਮਦਦ ਨਾਲ ਬਾਲ ਮਜ਼ਦੂਰੀ ਵਿਚ ਕਾਫੀ ਕਮੀ ਲਿਆਉਣ ਵਿਚ ਸਫਲ ਰਹੀ ਹੈ। ਅਸੀਂ ਜਿਸ ਤਰ੍ਹਾਂ ਤਰੱਕੀ ਕੀਤੀ ਹੈ ਉਸ ਨਾਲ ਮੈਨੂੰ  ਪੂਰਾ ਵਿਸ਼ਵਾਸ ਹੈ ਕਿ ਅਸੀਂ ਜਲਦੀ ਹੀ ਬਾਲ ਮਜ਼ਦੂਰੀ ਤੋਂ ਮੁਕਤ ਹੋਣ ਵਾਲਾ ਪਹਿਲਾ ਲਾਤੀਨੀ ਅਮਰੀਕੀ ਦੇਸ਼ ਬਣ ਜਾਵਾਂਗੇ।'' ਸੀਰੀਆ ਦੇ ਸ਼ਰਨਾਰਥੀਆਂ ਦੀ ਮਦਦ ਕਰਨ ਵਾਲੇ ਜੌਰਡਨ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਨਾਮਾ ਕੋਲੋਂ ਜੋ ਵੀ ਸੰਭਵ ਹੋਵੇਗਾ ਉਹ ਆਪਣੇ ਵੱਲੋ ਯੋਗਦਾਨ ਦੇਵੇਗਾ। ਉਨ੍ਹਾਂ ਨੇ ਕਿਹਾ,''ਸੀਰੀਆਈ ਸ਼ਰਨਾਰਥੀਆਂ ਲਈ ਜੌਰਡਨ ਸਰਕਾਰ ਜੋ ਕਰ ਰਹੀ ਹੈ ਉਹ ਪ੍ਰਸ਼ੰਸਾ ਦੇ ਕਾਬਲ ਹੈ। ਜੌਰਡਨ ਨੂੰ ਅੰਤਰ ਰਾਸ਼ਟਰੀ ਮਦਦ ਦੀ ਲੋੜ ਹੈ। ਪੂਰੇ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ।'' ਪਨਾਮਾ ਦੀ ਫਸਟ ਲੇਡੀ ਲੋਰੇਨਾ ਕਾਸਤਿਲੋ ਦੀ ਵਰੇਲਾ ਨੇ ਇਸ ਸ਼ਿਖਰ ਬੈਠਕ ਵਿਚ ਸੀਰੀਆ ਸੰਕਟ ਦਾ ਜ਼ਿਕਰ ਕੀਤਾ ਅਤੇ ਕਿਹਾ,''ਪੂਰੀ ਦੁਨੀਆ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਸਾਰੇ ਇਕ ਹਾਂ। ਜੇ ਕਿਸੇ ਦੂਜੇ ਇਨਸਾਨ ਨੂੰ ਤੁਹਾਡੀ ਲੋੜ ਹੈ ਤਾਂ ਤੁਹਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ। ਇਹੀ ਭਾਵਨਾ ਸ਼ਰਨਾਰਥੀਆਂ ਦੀ ਮਦਦ ਕਰ ਸਕਦੀ ਹੈ ਅਤੇ ਉਨ੍ਹਾਂ ਦੀਆਂ ਤਕਲੀਫਾਂ ਨੂੰ ਘੱਟ ਕਰ ਸਕਦੀ ਹੈ।''