ਚੀਨ ਦੌਰੇ ''ਤੇ ਪਹੁੰਚੇ ਪਨਾਮਾ ਦੇ ਰਾਸ਼ਟਰਪਤੀ ਜੁਆਨ ਕਾਰਲੋਸ ਵਰੇਲਾ

11/17/2017 2:17:32 PM

ਬੀਜਿੰਗ/ਪਨਾਮਾ (ਭਾਸ਼ਾ)— ਪਨਾਮਾ ਗਣਰਾਜ ਦੇ ਰਾਸ਼ਟਰਪਤੀ ਜੁਆਨ ਕਾਰਲੋਸ ਵਰੇਲਾ ਆਪਣੇ ਚੀਨ ਦੇ ਪਹਿਲੇ ਦੌਰੇ 'ਤੇ ਬੀਜਿੰਗ ਪਹੁੰਚ ਗਏ ਹਨ। ਪਨਾਮਾ ਨੇ ਪੰਜ ਮਹੀਨੇ ਪਹਿਲਾਂ ਤਾਈਵਾਨ ਨਾਲ ਸੰਬੰਧ ਤੋੜ ਕੇ ਚੀਨ ਨਾਲ ਰਸਮੀ ਸੰਬੰਧ ਸਥਾਪਿਤ ਕੀਤੇ ਸਨ। ਵਰੇਲਾ ਸ਼ੁੱਕਰਵਾਰ ਨੂੰ 'ਗ੍ਰੇਟ ਹਾਲ ਆਫ ਦ ਪੀਪਲ' ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਕੱਲ ਉਨ੍ਹਾਂ ਨੇ ਬੀਜਿੰਗ ਵਿਚ ਪਨਾਮਾ ਦੇ ਅਧਿਕਾਰਿਕ ਦੂਤਘਰ ਦੀ ਸਥਾਪਨਾ ਕੀਤੀ। ਪਨਾਮਾ ਦੇ ਤਾਈਵਾਨ ਨਾਲ ਸੰਬੰਧ ਤੋੜ ਲੈਣ ਮਗਰੋਂ ਇਸ ਸਵੈ-ਪ੍ਰਬੰਧਕ ਲੋਕਤੰਤਰ ਕੋਲ ਹੁਣ ਸਿਰਫ 20 ਕੂਟਨੀਤਕ ਸਹਿਯੋਗੀ ਰਹਿ ਗਏ ਹਨ। ਚੀਨ ਇਸ ਟਾਪੂ (ਤਾਈਵਾਨ) 'ਤੇ ਦਾਅਵਾ ਕਰਦਾ ਰਿਹਾ ਹੈ ਅਤੇ ਇਸ ਨੂੰ ਵਿਸ਼ਵ ਵਿਆਪੀ ਰੂਪ ਨਾਲ ਇਕੱਲੇ ਕਰਨ ਲਈ ਚੀਨ ਨੇ ਮੁਹਿੰਮ ਵੀ ਚਲਾਈ। ਅਮਰੀਕਾ ਮਗਰੋਂ ਪਨਾਮਾ ਨਹਿਰ ਦੀ ਸਭ ਤੋਂ ਜ਼ਿਆਦਾ ਵਰਤੋਂ ਚੀਨ ਵੱਲੋਂ ਕੀਤੀ ਜਾਂਦੀ ਹੈ ਅਤੇ ਇਕ ਚੀਨੀ ਸੰਘ ਨਹਿਰ ਦੇ ਦੋਹਾਂ ਸਿਰਿਆਂ 'ਤੇ ਸਥਿਤ ਬੰਦਰਗਾਹਾਂ ਦਾ ਸੰਚਾਲਨ ਕਰਦਾ ਹੈ। ਚੀਨ ਬਹੁਤ ਤੇਜ਼ੀ ਨਾਲ ਵਿਦੇਸ਼ਾਂ ਵਿਚ ਆਪਣੇ ਆਰਥਿਕ ਆਧਾਰ ਨੂੰ ਵਧਾ ਰਿਹਾ ਹੈ ਅਤੇ ਵਰੇਲਾ ਨੂੰ ਵੀ ਉਮੀਦ ਹੈ ਕਿ ਇਹ ਨਵੇਂ ਸੰਬੰਧ ਪਨਾਮਾ ਲਈ ਆਰਥਿਕ ਰੂਪ ਵਿਚ ਫਾਇਦੇਮੰਦ ਹੋਣਗੇ।