ਪਨਾਮਾ ਪੇਪਰਜ਼ ਮਾਮਲਾ : 435 ਕੰਪਨੀਆਂ ਦੀ ਜਾਂਚ ਜਲਦੀ ਕਰਨ ਦਾ ਹੁਕਮ

01/20/2018 12:07:37 AM

ਇਸਲਾਮਾਬਾਦ - ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ (ਨੇਬ) ਨੇ ਪਨਾਮਾ ਅਤੇ ਬ੍ਰਿਟਿਸ਼ ਟਾਪੂਆਂ 'ਚ ਪਾਕਿਸਤਾਨ ਦੀਆਂ 435 ਕੰਪਨੀਆਂ ਨਾਲ ਜੁੜੀਆਂ ਜਾਣਕਾਰੀਆਂ ਜਲਦੀ ਹਾਸਲ ਕਰਨ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ 'ਨੇਬ' ਦੇ ਮੁਖੀ ਅਤੇ ਸੇਵਾ ਮੁਕਤ ਜੱਜ ਜਾਵੇਦ ਇਕਬਾਲ ਨੇ ਕੱਲ 'ਨੇਬ' ਦੇ ਹੈੱਡਕੁਆਰਟਰ 'ਚ ਪਨਾਮਾ ਮਾਮਲੇ ਦੀ ਸਮੀਖਿਆ ਕਮੇਟੀ ਦੀ ਪ੍ਰਧਾਨਗੀ ਕੀਤੀ। 
ਮੁਢਲੀ ਜਾਂਚ ਰਿਪੋਰਟ ਦੀ ਸਮੀਖਿਆ ਬੈਠਕ ਵਿਚ ਉਨ੍ਹਾਂ ਨੇ ਹੁਕਮ ਦਿੱਤਾ ਕਿ ਉਪਰੋਕਤ ਟਾਪੂਆਂ 'ਚ ਪਾਕਿਸਤਾਨ ਦੀਆਂ ਉਪਰੋਕਤ ਕੰਪਨੀਆਂ ਨਾਲ ਜੁੜੀਆਂ ਸੂਚਨਾਵਾਂ ਅਤੇ ਰਿਕਾਰਡ ਬੈਂਕ ਆਫ ਪਾਕਿਸਤਾਨ, ਪਾਕਿਸਤਾਨ ਦੀ ਸੁਰੱਖਿਆ ਅਤੇ ਵਟਾਂਦਰਾ ਕਮਿਸ਼ਨ, ਫੈਡਰਲ ਬੋਰਡ ਆਫ ਰੈਵੇਨਿਊ ਤੋਂ ਜਲਦੀ ਤੋਂ ਜਲਦੀ ਹਾਸਲ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਜਾਂਚ ਕਾਨੂੰਨ ਅਨੁਸਾਰ ਅਤੇ ਸਹੀ ਸਬੂਤਾਂ ਦੀ ਰੌਸ਼ਨੀ 'ਚ ਅੱਗੇ ਵਧਾਈ ਜਾਵੇ। ਉਨ੍ਹਾਂ ਇਹ ਵੀ ਹੁਕਮ ਦਿੱਤਾ ਕਿ ਇਹ ਪਤਾ ਲਾਇਆ ਜਾਵੇ ਕਿ ਇਹ ਕੰਪਨੀਆਂ ਕਿਉਂ ਸਥਾਪਤ ਕੀਤੀਆਂ ਗਈਆਂ, ਉਨ੍ਹਾਂ ਦੀ ਆਮਦਨ ਦਾ ਸਰੋਤ ਕੀ ਹੈ? ਇਨ੍ਹਾਂ ਦਾ ਪੈਸਾ ਕਿਥੋਂ ਆਉਂਦਾ ਅਤੇ ਕਿਥੇ ਜਾਂਦਾ ਹੈ?