ਸਕਾਟਿਸ਼ ਪਾਰਲੀਮੈਂਟ 'ਚ ਪੈਮ ਗੋਸਲ ਨੇ 'ਗੁਟਕਾ ਸਾਹਿਬ ਤੇ ਮੂਲ ਮੰਤਰ' ਦੇ ਜਾਪ ਨਾਲ ਚੁੱਕੀ ਸਹੁੰ

Friday, May 14, 2021 - 11:36 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਪੈਮ ਗੋਸਲ ਨੇ ਐੱਮਐੱਸਪੀ ਬਣ ਕੇ ਸਕਾਟਲੈਂਡ ਦੀ ਪਹਿਲੀ ਸਿੱਖ ਔਰਤ ਸੰਸਦ ਮੈਂਬਰ ਹੋਣ ਦਾ ਮਾਣ ਹਾਸਲ ਕੀਤਾ ਹੈ। ਉਸ ਤੋਂ ਵੱਡਾ ਮਾਣ ਵਿਸ਼ਵ ਭਰ ਦੇ ਸਿੱਖ ਮਹਿਸੂਸ ਕਰਨਗੇ, ਜਦੋਂ ਉਹਨਾਂ ਨੂੰ ਇਹ ਖ਼ਬਰ ਮਿਲੇਗੀ ਕਿ ਪੈਮ ਗੋਸਲ ਨੇ ਸਹੁੰ ਚੁੱਕ ਸਮਾਗਮ ਵੇਲੇ ਮਹਾਰਾਣੀ ਪ੍ਰਤੀ ਆਪਣੀ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਸੰਬੋਧਨੀ ਸ਼ੁਰੂਆਤ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ" ਨਾਲ ਕਰਨ ਉਪਰੰਤ ਮੂਲ ਮੰਤਰ ਦਾ ਜਾਪ ਕੀਤਾ। ਬਾਅਦ ਵਿੱਚ ਮਹਾਰਾਣੀ ਪ੍ਰਤੀ ਵਫਾਦਾਰ ਰਹਿਣ ਦਾ ਅਹਿਦ ਲਿਆ। 

ਪੜ੍ਹੋ ਇਹ ਅਹਿਮ ਖਬਰ - ਇਟਲੀ : ਭਾਰਤੀ ਭਾਈਚਾਰੇ ਦੀਆਂ ਕੋਰੋਨਾ ਰਿਪੋਰਟਾਂ ਆਈਆਂ ਨੈਗੇਟਿਵ

ਅਖੀਰ ਵਿੱਚ ਫਿਰ ਫਤਿਹ ਬੁਲਾ ਕੇ ਗੁਟਕਾ ਸਾਹਿਬ ਮੱਥੇ ਨੂੰ ਛੁਹਾ ਕੇ ਆਪਣੇ ਸਥਾਨ 'ਤੇ ਵਾਪਸ ਬੈਠੀ। ਜ਼ਿਕਰਯੋਗ ਹੈ ਕਿ ਪੈਮ ਦਾ ਜੀਵਨ ਗਲਾਸਗੋ 'ਚ ਹੀ ਬੀਤਿਆ ਹੈ ਤੇ ਉਸਦਾ ਦਾਦਕਾ ਪਿੰਡ ਕੰਗਣੀਵਾਲ (ਜਲੰਧਰ) ਹੈ ਤੇ ਨਾਨਕਾ ਪਿੰਡ ਸ਼ੰਕਰ ਹੈ। ਇਹ ਇਕ ਇਤਿਹਾਸਕ ਪਲ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਯੂਨਾਈਟਿਡ ਕਿੰਗਡਮ ਦੇ ਕਿਸੇ ਸੰਸਦ ਮੈਂਬਰ ਨੇ ਸੰਸਦ ਦੇ ਅੰਦਰ ਸਿੱਖ ਬਾਣੀ ਨੂੰ ਪੜ੍ਹਿਆ ਹੈ। ਇਸ ਮਹੱਤਵਪੂਰਣ ਮੌਕੇ 'ਤੇ ਟਿੱਪਣੀ ਕਰਦਿਆਂ ਸਕਾਟਲੈਂਡ ਦੇ ਕੰਜ਼ਰਵੇਟਿਵ ਐੱਮਐੱਸਪੀ ਪੈਮ ਗੋਸਲ ਨੇ ਕਿਹਾ ਕਿ “ਅੱਜ ਦਾ ਦਿਨ ਨਾ ਸਿਰਫ ਆਪਣੇ ਲਈ, ਬਲਕਿ ਪੂਰੇ ਸਿੱਖ ਭਾਈਚਾਰੇ ਅਤੇ ਸਕਾਟਲੈਂਡ ਦੀ ਸੰਸਦ ਲਈ ਮਾਣ ਵਾਲੀ ਗੱਲ ਹੈ। ਸਹੁੰ ਚੁੱਕਣ ਤੋਂ ਪਹਿਲਾਂ ਬਾਣੀ ਦਾ ਪਾਠ ਕਰਨਾ ਮੇਰੇ ਲਈ ਮਹੱਤਵਪੂਰਣ ਸੀ।”

ਨੋਟ-  ਪੈਮ ਗੋਸਲ ਨੇ 'ਗੁਟਕਾ ਸਾਹਿਬ ਤੇ ਮੂਲ ਮੰਤਰ' ਦੇ ਜਾਪ ਨਾਲ ਚੁੱਕੀ ਸਹੁੰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana