ਪਾਕਿਸਤਾਨੀ ਪੱਤਰਕਾਰ ਬੀਬੀਆਂ ਨੇ ਪੀ. ਐੱਮ. ਇਮਰਾਨ ਖਾਨ ਵਿਰੁੱਧ ਛੇੜੀ ਮੁਹਿੰਮ

08/14/2020 4:36:33 PM

ਸਲਾਮਾਬਾਦ- ਪਾਕਿਸਤਾਨੀ ਪੱਤਰਕਾਰੀ ਦੇ ਇਤਿਹਾਸ ਵਿਚ ਪਹਿਲੀ ਵਾਰ ਪੱਤਰਕਾਰ ਬੀਬੀਆਂ ਨੇ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਸੀਨੀਅਰ ਪੱਤਰਕਾਰ ਬੀਬੀ ਦਾ ਕਹਿਣਾ ਹੈ ਕਿ ਕਾਫ਼ੀ ਹੋ ਗਿਆ ਹੈ, ਹੁਣ ਉਹ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੋਸ਼ਲ ਮੀਡੀਆ ਵਲੋਂ ਟਰਾਲ ਹੋਣ ਲਈ ਤਿਆਰ ਨਹੀਂ ਹਨ। 

ਹਾਲ ਹੀ ਵਿਚ, ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਹੋਈ। ਕੁਝ ਮਾਮਲਿਆਂ ਵਿੱਚ ਪੱਤਰਕਾਰਾਂ ਨੂੰ ਹੈਕਿੰਗ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਬੰਦ ਕਰਨੇ ਪਏ। ਮਹਿਲਾ ਪੱਤਰਕਾਰਾਂ ਦਾ ਸਰਗਰਮ ਰਹਿਣਾ ਮੁਸ਼ਕਲ ਹੋ ਰਿਹਾ ਹੈ। ਪੱਤਰਕਾਰ ਬੀਬੀਆਂ ਨੇ #AttacksWontSilenceUs ਭਾਵ ਹਮਲੇ ਸਾਨੂੰ ਚੁੱਪ ਨਹੀਂ ਕਰਾ ਸਕਦੇ ਨਾਂ ਦੀ ਮੁਹਿੰਮ ਛੇੜੀ ਹੈ ਤੇ ਖੁੱਲ੍ਹ ਕੇ ਪਾਕਿਸਤਾਨ ਦੀ ਸਰਕਾਰ ਖਿਲਾਫ਼ ਭੜਾਸ ਕੱਢ ਰਹੀਆਂ ਹਨ। 
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮਹਿਲਾ ਪੱਤਰਕਾਰ ਹੁਣ ਜਾਣਕਾਰੀ ਨੂੰ ਸਾਂਝਾ ਕਰਨ, ਆਪਣੀ ਰਾਇ ਦੇਣ ਜਾਂ ਆਨਲਾਈਨ ਕਾਰਜਸ਼ੀਲਤਾ ਤੋਂ ਗੁਰੇਜ਼ ਕਰਦੀਆਂ ਹਨ। ਪੱਤਰਕਾਰਾਂ 'ਤੇ ਆਨਲਾਈਨ ਹਮਲੇ ਪਹਿਲਾਂ ਸਰਕਾਰੀ ਅਧਿਕਾਰੀਆਂ ਵਲੋਂ ਭੜਕਾਏ ਜਾਂਦੇ ਹਨ, ਫਿਰ ਵੱਡੀ ਗਿਣਤੀ ਵਿੱਚ ਟਵਿਟਰ ਅਕਾਊਂਟ ਰਾਹੀਂ ਫੈਲਾਇਆ ਜਾਂਦਾ ਹੈ, ਜੋ ਇਹ ਸੱਤਾਧਾਰੀ ਧਿਰ ਨਾਲ ਜੁੜੇ ਹੋਣ ਦਾ ਸੰਕੇਤ ਦਿੰਦੇ ਹਨ।

 

ਇਨ੍ਹਾਂ ਪੱਤਰਕਾਰਾਂ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਸਾਨੂੰ ਸੁਤੰਤਰਤਾ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਅਤੇ ਜਨਤਕ ਵਿਚਾਰਾਂ ਵਿਚ ਹਿੱਸਾ ਲੈਣ ਤੋਂ ਰੋਕਿਆ ਜਾ ਰਿਹਾ ਹੈ। ਜਦ ਅਸੀਂ ਆਤਮ-ਪਾਬੰਦੀ ਲਗਾਉਂਦੇ ਹਾਂ, ਤਾਂ ਦੂਜੇ ਲੋਕਾਂ ਨੂੰ ਆਪਣੀ ਰਾਇ ਬਣਾਉਣ ਲਈ ਜਾਣਕਾਰੀ ਹਾਸਲ ਕਰਨ ਤੋਂ ਰੋਕਿਆ ਜਾਂਦਾ ਹੈ, ਜੋ ਧਾਰਾ 19-ਏ ਤਹਿਤ ਦਿੱਤੇ ਗਏ ਅਧਿਕਾਰਾਂ ਦਾ ਉਲੰਘਣ ਹੈ। ਜਦ ਸਾਡੇ ਉੱਪਰ ਹਮਲੇ ਹੁੰਦੇ ਹਨ ਤੇ ਧਮਕੀ ਦਿੱਤੀ ਜਾਂਦੀ ਹੈ, ਤਾਂ ਅਸੀਂ ਕਾਨੂੰਨ ਸੁਰੱਖਿਆ ਦਾ ਲਾਭ ਨਹੀਂ ਲੈ ਸਕਦੇ, ਜਿਵੇਂ ਕਿ ਧਾਰਾ 4 ਤਹਿਤ ਗਾਰੰਟੀ ਦਿੱਤੀ ਗਈ ਹੈ ਅਤੇ ਉਹ ਉਨ੍ਹਾਂ ਲੋਕਾਂ ਦੇ ਕਾਰਜਾਂ ਦਾ ਪ੍ਰਤੱਖ ਨਤੀਜਾ ਹੈ, ਜੋ ਸਰਕਾਰੀ ਅਹੁਦਿਆਂ 'ਤੇ ਹਨ ਤੇ ਸੱਤਾਧਾਰੀ ਪੀ. ਟੀ. ਆਈ. ਨਾਲ ਜੁੜੇ ਹਨ। 
ਬੀਬੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਦੇ ਨਿਸ਼ਾਨੇ 'ਤੇ ਵੱਖ-ਵੱਖ ਦ੍ਰਿਸ਼ਟੀਕੋਣ ਰੱਖਣ ਵਾਲੀਆਂ ਔਰਤਾਂ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਖਾਸ ਕਰਕੇ ਕੋਰੋਨਾ ਨਾਲ ਨਜਿੱਠਣ ਦੇ ਮਾਮਲੇ ਵਿਚ ਸਰਕਾਰ ਪ੍ਰਤੀ ਆਲੋਚਨਾਤਮਕ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਵੀ ਛੇੜ-ਛਾੜ ਕੀਤੀ ਗਈ ਹੈ। ਡਾਕਟਰ ਸ਼ਿਰੀਨ ਮਜਾਰੀ ਨੇ ਕਿਹਾ ਕਿ ਮਹਿਲਾ ਪੱਤਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਣ ਅਤੇ ਉਨ੍ਹਾਂ ਨਾਲ ਬਦਸਲੂਕੀ ਦੀ ਸੂਚਨਾ ਪਰੇਸ਼ਾਨ ਕਰਨ ਵਾਲੀ ਹੈ। ਜਨਾਨੀਆਂ ਨਾਲ ਕੀਤਾ ਜਾ ਰਿਹਾ ਦੁਰਵਿਵਹਾਰ ਹੁਣ ਸਵਿਕਾਰ ਨਹੀਂ ਕੀਤਾ ਜਾ ਸਕਦਾ। 

ਪੀ. ਪੀ. ਪੀ. ਨੇਤਾ ਬਿਲਾਵਲ ਭੁੱਟੋ ਨੈਸ਼ਨਲ ਅਸੈਂਬਲੀ ਵਿਚ ਮਨੁੱਖੀਅਧਿਕਾਰ ਕਮੇਟੀ ਦੇ ਮੁਖੀ ਵੀ ਹਨ ਤੇ ਉਨ੍ਹਾਂ ਨੇ ਡਾ. ਸ਼ਿਰੀਨ ਮਜਾਰੀ ਵਲੋਂ ਤਿਆਰ ਮਨੁੱਖੀ ਅਧਿਕਾਰ ਸਬੰਧੀ ਕਈ ਬਿੱਲਾਂ ਨੂੰ ਪਾਸ ਕਰਾਉਣ ਵਿਚ ਮਦਦ ਕੀਤੀ ਹੈ। ਡਾ. ਮਜਾਰੀ ਨੇ ਸਾਰੇ ਪੱਤਰਕਾਰਾਂ ਦੀ ਸੁਰੱਖਿਆ ਲਈ ਪਹਿਲਾਂ ਵੀ ਇਕ ਬਿੱਲ ਪੇਸ਼ ਕੀਤਾ ਹੈ ਅਤੇ ਉਮੀਦ ਹੈ ਕਿ ਇਸ ਨੂੰ ਜਲਦੀ ਹੀ ਕੈਬਨਿਟ ਤੋਂ ਮਨਜ਼ੂਰੀ ਮਿਲੇਗੀ। 

Lalita Mam

This news is Content Editor Lalita Mam