ਆਸਟਰੇਲੀਆ ਦੇ ਬੀਚ ''ਤੇ ਮਸਤੀ ਕਰਦੇ ਪਾਕਿਸਤਾਨੀ ਨੌਜਵਾਨ ਨਾਲ ਵਾਪਰਿਆ ਹਾਦਸਾ, ਸਮੁੰਦਰ ''ਚ ਰੋੜ੍ਹ ਕੇ ਲੈ ਗਈਆਂ ਲਹਿਰਾਂ

03/20/2017 12:08:08 PM

ਸਿਡਨੀ— ਆਸਟਰੇਲੀਆ ਦੇ ਇੱਕ ਬੀਚ ਤੋਂ ਪਾਕਿਸਤਾਨੀ ਨੌਜਵਾਨ ਦੇ ਸਮੁੰਦਰ ''ਚ ਰੁੜ੍ਹਨ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਐਤਵਾਰ ਸ਼ਾਮੀਂ 7 ਵਜੇ ਨਿਊ ਸਾਊਥ ਵੇਲਜ਼ ਸੂਬੇ ਦੇ ਤੱਟੀ ਸ਼ਹਿਰ ਨਿਊਕੈਸਲ ਦੇ ਨੋਬਿਸ ਬੀਚ ''ਤੇ ਵਾਪਰੀ। ਉਨ੍ਹਾਂ ਦੱਸਿਆ ਕਿ 23 ਸਾਲ ਦੀ ਉਮਰ ਵਾਲੇ ਦੋ ਨੌਜਵਾਨ ਬੀਚ ਦੀ ਇੱਕ ਚੱਟਾਨ ''ਤੇ ਬੈਠ ਕੇ ਮਸਤੀ ਕਰ ਰਹੇ ਸਨ। ਇਸ ਦੌਰਾਨ ਸਮੁੰਦਰ ਦੀ ਇੱਕ ਤੇਜ਼ ਲਹਿਰ ਆਈ ਅਤੇ ਦੋਹਾਂ ਨੂੰ ਰੋੜ੍ਹ ਕੇ ਸਮੁੰਦਰ ''ਚ ਲੈ ਗਈ। ਮੌਕੇ ''ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇੱਕ ਨੌਜਵਾਨ ਨੂੰ ਪਾਣੀ ''ਚੋਂ ਬਾਹਰ ਕੱਢ ਲਿਆ ਪਰ ਦੂਜੇ ਨੂੰ ਉਹ ਨਹੀਂ ਕੱਢ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਨਿਊਕੈਸਲ ਸ਼ਹਿਰ ਦੇ ਲੋਕਲ ਏਰੀਆ ਕਮਾਂਡ, ਵਾਟਰ ਪੁਲਸ, ਵੈਸਟਪੈਕ ਹੈਲੀਕਾਪਟਰ ਸੇਵਾ ਅਤੇ ਸਰਫ ਲਾਈਫਸੇਵਰਜ਼ ਵਲੋਂ ਲਾਪਤਾ ਨੌਜਵਾਨ ਦੀ ਭਾਲ ਲਈ ਕੱਲ੍ਹ ਰਾਤੀਂ ਸਰਚ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਨੂੰ ਖ਼ਤਰਨਾਕ ਹਾਲਾਤ ਦੇ ਮੱਦੇਨਜ਼ਰ ਰੋਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਨੂੰ ਸੋਮਵਾਰ ਸਵੇਰੇ 7 ਵਜੇ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਆਸਟਰੇਲੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਨੌਜਵਾਨ ਆਸਟਰੇਲੀਆ ''ਚ ਪੜ੍ਹਾਈ ਕਰਨ ਆਏ ਸਨ।