ਸਿਰਫ ਦੁਬਈ ''ਚ ਰਹਿਣ ਲਈ ਪਾਕਿਸਤਾਨੀ ਵਿਅਕਤੀ ਨੇ ਕੀਤਾ ਭਾਰਤੀ ਦਾ ਕਤਲ

05/03/2019 5:27:06 PM

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਇਕ ਪਾਕਿਸਤਾਨੀ ਵਿਅਕਤੀ 'ਤੇ ਆਪਣੇ ਇਕ ਭਾਰਤੀ ਸਹਿਕਰਮਚਾਰੀ ਦੇ ਕਤਲ ਦਾ ਮੁਕੱਦਮਾ ਚੱਲੇਗਾ। ਇਹ ਪਾਕਿਸਤਾਨੀ ਵਿਅਕਤੀ ਅਜਿਹਾ ਕੋਈ ਵੀ ਅਪਰਾਧ ਕਰਨ ਲਈ ਤਿਆਰ ਸੀ, ਜਿਸ ਨਾਲ ਸੰਯੁਕਤ ਅਰਬ ਅਮੀਰਾਤ 'ਚ ਰਹਿਣ ਦਾ ਮੌਕਾ ਮਿਲਦਾ।

ਖਲੀਜ਼ ਟਾਈਮਸ ਦੀ ਰਿਪੋਰਟ ਮੁਤਾਬਕ ਇਸ ਪਾਕਿਸਤਾਨੀ ਮਜ਼ਦੂਰ 'ਤੇ ਕੱਪੜੇ ਨਾਲ ਆਪਣੇ ਇਕ ਸਾਥੀ ਦਾ ਗਲਾ ਘੁੱਟ ਕੇ ਕਤਲ ਕਰਨ ਨੂੰ ਲੈ ਕੇ ਦੁਬਈ ਦੀ ਇਕ ਅਦਾਲਤ 'ਚ ਮੁਕੱਦਮਾ ਚੱਲੇਗਾ। ਪ੍ਰੋਸੀਕਿਊਸ਼ਨ ਦੇ ਮੁਤਾਬਕ ਪਾਕਿਸਤਾਨੀ ਮਜ਼ਦੂਰ ਕੋਈ ਵੀ ਅਜਿਹਾ ਕੰਮ ਕਰਨ ਲਈ ਤਿਆਰ ਸੀ, ਜਿਸ ਨਾਲ ਉਸ ਨੂੰ ਜੇਲ ਭੇਜ ਦਿੱਤਾ ਜਾਵੇ ਤੇ ਉਸ ਨੂੰ ਪਾਕਿਸਤਾਨ ਨਾ ਜਾਣਾ ਪਵੇ ਕਿਉਂਕਿ ਉਸ ਦਾ ਆਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਸੀ। ਦੋਸ਼ੀ ਨੇ ਅਦਾਲਤ 'ਚ ਪੇਸ਼ ਹੋਣ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਇਕ ਪੁਲਸ ਅਧਿਕਾਰੀ ਮੁਤਾਬਕ 26 ਫਰਵਰੀ ਨੂੰ ਨਾਦ ਅਲ ਹਮਾਰ 'ਚ ਇਕ ਕੰਪਲੈਕਸ ਦੇ ਨਿਰਮਾਣ ਵਾਲੀ ਥਾਂ ਹਮਲੇ ਦੀ ਖਬਰ ਮਿਲੀ ਸੀ।

ਅਖਬਾਰ ਮੁਤਾਬਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ ਕਿ ਝਗੜਾ ਕਰਨ ਵਾਲੇ ਵਿਅਕਤੀਆਂ 'ਚੋਂ ਇਕ ਦੀ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਿਆ ਕਿ ਦੋਸ਼ੀ ਨੂੰ ਪੁਲਸ ਦੇ ਗਸ਼ਤੀ ਅਧਿਕਾਰੀਆਂ ਨੇ ਫੜ੍ਹ ਲਿਆ ਸੀ। ਚਸ਼ਮਦੀਦ ਨੇ ਸਾਨੂੰ ਦੱਸਿਆ ਕਿ ਉਸ ਨੇ ਦੋਸ਼ੀ ਨੂੰ ਪੀੜਤ ਦਾ ਗਲਾ ਘੁੱਟਦੇ ਹੋਏ ਦੇਖਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਨੇ ਕਬੂਲ ਕਰ ਲਿਆ ਹੈ ਕਿ ਛੁੱਟੀ ਦੌਰਾਨ ਪੀੜਤ ਸੁੱਤਾ ਸੀ ਉਦੋਂ ਦੋਸ਼ੀ ਨੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਨੇ ਕਿਹਾ ਕਿ ਉਸ ਨੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਜੇਲ ਜਾਣਾ ਚਾਹੁੰਦਾ ਸੀ, ਉਹ ਆਪਣੇ ਘਰ ਨਹੀਂ ਜਾਣਾ ਚਾਹੁੰਦਾ ਸੀ।

Baljit Singh

This news is Content Editor Baljit Singh