ਭਾਰਤ ਖਿਲਾਫ ਖੇਡਣਾ ਚਾਹੁੰਦੇ ਹਨ ਪਾਕਿ ਦੇ ਕ੍ਰਿਕਟਰ ਮਹਿੰਦਰਪਾਲ ਸਿੰਘ

07/09/2017 12:57:44 PM

ਲਾਹੌਰ— ਪਾਕਿਸਤਾਨ ਕ੍ਰਿਕਟ 'ਚ ਤੇਜੀ ਨਾਲ ਆਪਣੀ ਜਗ੍ਹਾ ਬਣਾ ਰਹੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮਹਿੰਦਰਪਾਲ ਸਿੰਘ ਭਾਰਤੀ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਦੇ ਦੀਵਾਨੇ ਹਨ। ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਕ੍ਰਿਕਟ ਮੈਚ ਹੋਵੇ ਤਾਂ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲੇ ਅਤੇ ਉਹ ਆਪਣੀ ਗੇਂਦਬਾਜ਼ੀ ਦੇ ਜੌਹਰ ਦਿਖਾਉਣ। ਇਸੇ ਸਾਲ ਪਾਕਿਸਤਾਨ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵੱਲੋਂ ਟ੍ਰੇਨਿੰਗ ਦੇ ਲਈ ਚੁਣੇ ਗਏ ਮਹਿੰਦਰਪਾਲ ਨੇ ਯੂਥ ਇਲੈਵਨ ਟੀਮ ਦੇ ਮੈਂਬਰ ਦੇ ਤੌਰ 'ਤੇ ਮਲੇਸ਼ੀਆ ਦੀ ਟੀਮ ਦੇ ਖਿਲਾਫ ਮੈਚ 'ਚ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਕੇ ਕ੍ਰਿਕਟ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਮਹਿੰਦਰਪਾਲ ਸਿੰਘ ਦੇ ਮੁਤਾਬਕ ਬਚਪਨ 'ਚ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਦੇ ਸਾਹਮਣੇ ਕ੍ਰਿਕਟ ਖੇਡਣ ਦੀ ਇੱਛਾ ਜਤਾਈ ਸੀ ਤਾਂ ਉਨ੍ਹਾਂ ਨੂੰ ਸਾਫ ਜਵਾਬ ਮਿਲਿਆ ਸੀ ਕਿ ਪਹਿਲਾਂ ਆਪਣੀ ਸਕੂਲੀ ਪੜ੍ਹਾਈ ਅੱਵਲ ਦਰਜੇ 'ਚ ਪੂਰੀ ਕਰੋ, ਤਾਂ ਹੀ ਉਸ ਨੂੰ ਆਪਣਾ ਮਨਪਸੰਦ ਕਰੀਅਰ ਚੁਣਨ ਦੀ ਇਜਾਜ਼ਤ ਦਿੱਤੀ ਜਾਵੇਗੀ। ਲਿਹਾਜ਼ਾ, ਮਹਿੰਦਰਪਾਲ ਸਿੰਘ ਨੇ ਦਿਨ-ਰਾਤ ਮਿਹਨਤ ਕੀਤੀ ਅਤੇ 10ਵੀਂ ਦੀ ਪ੍ਰੀਖਿਆ 86 ਫੀਸਦੀ ਨੰਬਰ ਲੈ ਕੇ ਪਾਸ ਕੀਤੀ ਅਤੇ ਆਪਣੇ ਪਿਤਾ ਦਾ ਵਿਸ਼ਵਾਸ ਜਿੱਤਿਆ। ਉਨ੍ਹਾਂ ਦੇ ਪਿਤਾ ਇਕ ਹੋਮੀਓਪੈਥੀ ਦੇ ਡਾਕਟਰ ਹਨ। 

ਮਹਿੰਦਰਪਾਲ ਸਿੰਘ ਇਸ ਸਮੇਂ ਲਾਹੌਰ ਦੀ ਪੰਜਾਬ ਯੂਨੀਵਰਸਿਟੀ 'ਚ ਫਾਰਮੇਸੀ ਦੀ ਪੜ੍ਹਾਈ ਕਰ ਰਹੇ ਹਨ। ਉਹ ਜਦੋਂ 17 ਸਾਲਾਂ ਦੇ ਸਨ ਤਾਂ ਉਨ੍ਹਾਂ ਮਸ਼ਹੂਰ ਕ੍ਰਿਕਟ ਖਿਡਾਰੀ ਅਬਦੁਲ ਕਾਦਰ ਦੀ ਅਕੈਡਮੀ 'ਚ ਕ੍ਰਿਕਟ ਦੇ ਦਾਅ-ਪੇਚ ਸਿੱਖੇ। ਮਹਿੰਦਰਪਾਲ ਸਿੰਘ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਪਰ ਵੀਜ਼ਾ ਸਬੰਧੀ ਕੁਝ ਕਾਰਨਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਹੋਇਆ ਹੈ। ਉਹ ਕਹਿੰਦੇ ਹਨ ਕਿ ਕੋਈ ਭਾਰਤੀ ਮੇਰੀ ਯਾਤਰਾ ਨੂੰ ਸਪਾਂਸਰ ਕਰੇਗਾ ਤਾਂ ਹੀ ਮੈਂ ਭਾਰਤ ਆ ਸਕਾਂਗਾ। ਨਹੀਂ ਤਾਂ ਦਰਬਾਰ ਸਾਹਿਬ 'ਚ ਮੱਥਾ ਟੇਕਣ ਦਾ ਸੁਪਨਾ ਹਕੀਕਤ 'ਚ ਨਹੀਂ ਬਦਲ ਸਕੇਗਾ।