ਆਮਨਾ ਬਣੀ ਕਿਰਨ ਬਾਲਾ ਦੇ ਸਬੰਧ ''ਚ ਪਾਕਿ ਅਦਾਲਤ ਦਾ ਅਹਿਮ ਫੈਸਲਾ

04/20/2018 10:21:32 PM

ਲਾਹੌਰ— ਆਮਨਾ ਬਣੀ ਕਿਰਨ ਬਾਲਾ ਦੇ ਸਬੰਧ 'ਚ ਲਾਹੌਰ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੂੰ ਹੁਕਮ ਦਿੱਤਾ ਹੈ ਕਿ ਉਹ ਪਾਕਿਸਤਾਨੀ ਨਾਗਰਿਕਤਾ ਤੇ ਆਪਣੇ ਵੀਜ਼ੇ ਦੀ ਤਾਰੀਕ ਵਧਾਉਣ ਦੀ ਅਪੀਲ ਕਰਨ ਵਾਲੀ ਭਾਰਤੀ ਔਰਤ ਦੀ ਅਰਜ਼ੀ 'ਤੇ ਤਿੰਨ ਦਿਨ ਦੇ ਅੰਦਰ ਆਪਣਾ ਫੈਸਲਾ ਕਰੇ। ਆਮਨਾ (ਕਿਰਨ ਬਾਲਾ) ਇਥੇ ਸਿੱਖਾਂ ਦੇ ਵਿਸਾਖੀ ਤਿਓਹਾਰ 'ਚ ਹਿੱਸਾ ਲੈਣ ਆਈ ਸੀ, ਪਰ ਉਸ ਨੇ ਇਥੇ ਇਕ ਸਥਾਨਕ ਨੌਜਵਾਨ ਨਾਲ ਨਿਕਾਹ ਕਰਨ ਤੋਂ ਬਾਅਦ ਇਸਲਾਮ ਧਰਮ ਅਪਣਾ ਲਿਆ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲਾ ਨਿਵਾਸੀ ਮਨੋਹਰ ਲਾਲ ਦੀ ਪੁੱਤਰੀ ਕਿਰਨ ਬਾਲਾ (ਆਮਨਾ ਬੀਬੀ) ਵਿਸਾਖੀ ਤਿਓਹਾਰ 'ਚ ਹਿੱਸਾ ਲੈਣ ਦੇ ਲਈ 12 ਅਪ੍ਰੈਲ ਨੂੰ ਇਕ ਖਾਸ ਟਰੇਨ ਰਾਹੀਂ ਲਾਹੌਰ ਆਈ ਸੀ। ਆਮਨਾ ਨੇ ਇਥੇ ਆਪਣੀ ਯਾਤਰਾ ਦੌਰਾਨ ਇਸਲਾਮ ਅਪਣਾ ਲਿਆ ਤੇ ਲਾਹੌਰ ਦੇ ਹਿੰਗਰਵਾਲ ਨਿਵਾਸੀ ਇਕ ਵਿਅਕਤੀ ਨਾਲ 16 ਅਪ੍ਰੈਲ ਨੂੰ ਨਿਕਾਹ ਕਰ ਲਿਆ। ਇਕ ਅਦਾਲਤ ਦੇ ਅਧਿਕਾਰੀ ਨੇ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਲਾਹੌਰ ਹਾਈਕੋਰਟ ਦੇ ਜੱਜ ਜਵਾਦੁਲ ਹਸਨ ਨੇ ਗ੍ਰਹਿ ਮੰਤਰਾਲੇ ਨੂੰ ਆਮਨਾ ਬੀਬੀ (ਕਿਰਨ ਬਾਲਾ) ਦੀ ਅਰਜ਼ੀ 'ਤੇ ਆਉਂਦੇ ਸੋਮਵਾਰ ਤੱਕ ਫੈਸਲਾ ਕਰਨ ਦੇ ਲਈ ਕਿਹਾ, ਜਿਸ 'ਚ ਉਸ ਨੇ ਪਾਕਿਸਤਾਨੀ ਨਾਗਰਿਕਤਾ ਤੇ ਆਪਣੇ ਵੀਜ਼ੇ ਦੀ ਸਮਾਂ ਸੀਮਾ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਔਰਤ ਨੇ ਲਾਹੌਰ ਦੇ ਹਾਈ ਕੋਰਟ 'ਚ ਆਪਣੀ ਅਰਜ਼ੀ ਵਕੀਲ ਇਜਾਜ਼ ਅਹਿਮਦ ਦੇ ਰਾਹੀਂ ਦਾਇਰ ਕੀਤੀ ਹੈ।
ਭਾਰਤੀ ਔਰਤ ਆਪਣੇ ਪਤੀ ਮੁਹੰਮਦ ਆਜ਼ਮ ਦੇ ਨਾਲ ਅਦਾਲਤ 'ਚ ਪੇਸ਼ ਹੋਈ। ਉਸ ਨੇ ਅਦਾਲਤ 'ਚ ਕਿਹਾ ਕਿ ਉਸ ਨੇ ਆਜ਼ਮ ਨਾਲ ਨਿਕਾਹ ਆਪਣੀ ਮਰਜ਼ੀ ਨਾਲ ਕੀਤਾ ਹੈ, ਕਿਸੇ ਦੇ ਦਬਾਅ 'ਚ ਆ ਕੇ ਨਹੀਂ। ਉਸ ਨੇ ਕਿਹਾ, ''ਮੈਂ ਪਾਕਿਸਤਾਨੀ ਵਿਅਕਤੀ ਨਾਲ ਨਿਕਾਹ ਕਰਕੇ ਪਾਕਿਸਤਾਨ 'ਚ ਰਹਿਣਾ ਚਾਹੁੰਦੀ ਹਾਂ। ਮੈਂ ਇਥੇ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ ਤੇ ਵਾਪਸ ਨਹੀਂ ਜਾਣਾ ਚਾਹੁੰਦੀ। ਮੈਂ ਇਸਲਾਮ ਅਪਣਾ ਲਿਆ ਹੈ ਤੇ ਮੇਰਾ ਨਵਾਂ ਨਾਂ ਆਮਨਾ ਹੈ।'' ਉਸ ਨੇ ਕਿਹਾ, ''ਇਸ ਪਾਕਿਸਤਾਨੀ ਵਿਅਕਤੀ ਨਾਲ ਨਿਕਾਹ ਕਰਨ ਤੋਂ ਬਾਅਦ ਮੈਂ ਪਾਕਿਸਤਾਨੀ ਨਾਗਰਿਕਤਾ ਕਾਨੂੰਨ 1951 ਦੀ ਧਾਰਾ 10 (2) ਦੇ ਤਹਿਤ ਨਾਗਰਿਕਤਾ ਲੈਣ ਦੀ ਹੱਕਦਾਰ ਹਾਂ।'' ਕਿਰਨ ਬਾਲਾ (ਆਮਨਾ ਬੀਬੀ) ਨੇ ਇਸ ਦੇ ਨਾਲ ਹੀ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਗ੍ਰਹਿ ਮੰਤਰਾਲੇ ਨੂੰ ਉਸ ਦਾ ਵੀਜ਼ਾ ਵਧਾਉਣ ਦੇ ਨਿਰਦੇਸ਼ ਦਵੇ ਤਾਂ ਕਿ ਉਹ ਪਾਕਿਸਤਾਨ 'ਚ ਆਪਣੇ ਪਤੀ ਨਾਲ ਰਹਿ ਸਕੇ।
ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਉਦੋਂ ਤਣਾਅ ਹੋਰ ਵਧ ਗਿਆ ਜਦੋਂ ਭਾਰਤ ਨੇ ਪਾਕਿਸਤਾਨ 'ਤੇ ਦੋਸ਼ ਲਾਇਆ ਕਿ ਉਹ ਵਿਸਾਖੀ ਤਿਓਹਾਰ ਦੀ ਵਰਤੋਂ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਖਾਲਿਸਤਾਨ ਮੁੱਦੇ 'ਤੇ ਭੜਕਾਉਣ ਦੇ ਲਈ ਕਰ ਰਿਹਾ ਹੈ। ਪਾਕਿਸਤਾਨ ਨੇ ਇਸ ਦੋਸ਼ ਨੂੰ ਖਾਰਿਜ ਕਰ ਦਿੱਤਾ ਹੈ। ਪਹਿਲਾਂ ਸਾਊਦੀ ਅਰਬ 'ਚ ਕੰਮ ਕਰਨ ਵਾਲੇ ਆਜ਼ਮ ਨੇ ਅਦਾਲਤ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਮਨਾ (ਕਿਰਨ ਬਾਲਾ) ਨਾਲ ਨਿਕਾਹ ਕਰਨ ਲਈ ਦੇਸ਼ ਪਰਤਿਆ ਹੈ। ਉਸ ਨੇ ਕਿਹਾ, ''ਅਸੀਂ ਫੇਸਬੁੱਕ ਦੇ ਰਾਹੀਂ ਦੋਸਤ ਬਣੇ ਤੇ ਅਸੀਂ ਨਿਕਾਹ ਕਰਨ ਦਾ ਫੈਸਲਾ ਕੀਤਾ।''