ਟੀ.ਵੀ ਦੀ ਮਦਦ ਨਾਲ ਪਾਕਿਸਤਾਨੀ ਪਿਤਾ ਨੂੰ ਮਿਲੇਗਾ ਲਾਪਤਾ ਪੁੱਤ, ਭਾਰਤ ਸਰਕਾਰ ਨੂੰ ਕੀਤੀ ਅਪੀਲ

12/06/2017 3:41:20 PM

ਇਸਲਾਮਾਬਾਦ— ਫਰੀਦਕੋਟ ਦੇ ਚਾਈਲਡ ਹੋਮ 'ਚ 'ਨਾ ਮਾਲੂਮ' ਨਾਂ ਤੋਂ ਰਜਿਸਟਰ ਬੱਚੇ ਦੀ ਪਛਾਣ ਹੋ ਚੁੱਕੀ ਹੈ। ਇਹ ਬੱਚਾ ਪਾਕਿਸਤਾਨੀ ਹੈ। ਬੱਚੇ ਦੇ ਪਿਤਾ ਨੇ ਟੀ.ਵੀ.'ਚ ਦਿਖਾਈ ਤਸਵੀਰ ਤੋਂ ਉਸ ਨੂੰ ਪਛਾਣਿਆ। ਬੱਚੇ ਦੇ ਪਿਤਾ ਗੁਲਾਮ ਮੁਸਤਫਾ ਨੇ ਦੱਸਿਆ ਕਿ ਉਹ ਨਹੀਂ ਜਾਣਦੇ ਕਿ ਉਨ੍ਹਾਂ ਦਾ ਬੱਚਾ ਭਾਰਤ ਕਿਵੇਂ ਪੁੱਜਾ। ਉਨ੍ਹਾਂ ਨੇ 2 ਦਸੰਬਰ ਨੂੰ ਟੀ.ਵੀ. 'ਤੇ ਬੱਚੇ ਦੀ ਤਸਵੀਰ ਦੇਖ ਕੇ ਇਸ ਨੂੰ ਪਛਾਣਿਆ। ਇਸੇ ਸਾਲ 3 ਮਈ ਨੂੰ ਬੱਚੇ ਸੰਬੰਧੀ ਫਿਰੋਜ਼ਪੁਰ ਸਦਰ ਥਾਣੇ 'ਚ ਖਬਰ ਪੁੱਜੀ ਸੀ ਤੇ ਉਸ ਨੂੰ 5 ਮਈ ਨੂੰ ਸੁਧਾਰ ਘਰ 'ਚ ਭੇਜ ਦਿੱਤਾ ਗਿਆ ਸੀ। ਬੱਚੇ ਦਾ ਨਾਂ ਪਤਾ ਨਾ ਹੋਣ ਕਾਰਨ ਉਸ ਨੂੰ 'ਨਾ ਮਾਲੂਮ' ਨਾਂ ਹੇਠ ਦਰਜ ਕੀਤਾ ਗਿਆ ਸੀ। 
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਬੱਚੇ ਨੂੰ ਉਸ ਦੇ ਨਾਂ ਅਤੇ ਪਤੇ ਬਾਰੇ ਪੁੱਛਿਆ ਪਰ ਉਹ ਚੰਗੀ ਤਰ੍ਹਾਂ ਬੋਲਣਯੋਗ ਨਹੀਂ ਸੀ ਤੇ ਉਸ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ। ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਹੋਈ ਤੇ ਫਿਰ ਹੌਲੀ-ਹੌਲੀ ਇਹ ਪਾਕਿਸਤਾਨੀ ਮੀਡੀਆ ਤਕ ਪੁੱਜੀ ਤੇ ਇੰਝ ਬੱਚੇ ਦੇ ਪਿਤਾ ਨੂੰ ਉਸ ਬਾਰੇ ਪਤਾ ਲੱਗ ਸਕਿਆ। ਬੱਚੇ ਦਾ ਪਿਤਾ ਇਕ ਮਜ਼ਦੂਰ ਹੈ ਤੇ ਉਸ ਨੇ ਪਾਕਿਸਤਾਨੀ ਸਰਕਾਰ ਨੂੰ ਇਸ ਸੰਬੰਧੀ ਭਾਰਤੀ ਸਰਕਾਰ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ। 


ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ 17 ਜਨਵਰੀ, 2014 ਨੂੰ ਰਜਿਸਟਰ ਕਰਵਾਈ ਗਈ ਸੀ। ਕਿਹਾ ਜਾ ਰਿਹਾ ਹੈ ਕਿ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੋਵੇਗਾ ਅਤੇ ਕਿਸੇ ਪਾਕਿਸਤਾਨੀ ਵਿਅਕਤੀ ਨੇ ਆਪਣੇ ਕੋਲ ਉਸ ਨੂੰ ਜ਼ਬਰਦਸਤੀ ਮਜ਼ਦੂਰ ਬਣਾ ਕੇ ਰੱਖਿਆ ਹੋਵੇਗਾ, ਜੋ ਕੌਮਾਂਤਰੀ ਸਰਹੱਦ ਦੇ ਨੇੜੇ ਰਹਿੰਦਾ ਹੋਵੇਗਾ। ਕਿਸੇ ਤਰ੍ਹਾਂ ਬੱਚਾ ਭਾਰਤ 'ਚ ਦਾਖਲ ਹੋ ਗਿਆ ਹੋਵੇਗਾ। ਪਾਕਿਸਤਾਨੀ ਕੋਲਮਨਿਸਟ ਮੇਹਰ ਤਰਾਰ ਨੇ ਸੁਸ਼ਮਾ ਸਵਰਾਜ ਨੂੰ ਮਦਦ ਕਰਨ ਲਈ ਅਪੀਲ ਕੀਤੀ ਹੈ ਤੇ ਟਵੀਟ ਕਰਕੇ ਲਿਖਿਆ ਹੈ ਕਿ ਜੇਕਰ ਤੁਸੀਂ ਇਸ ਮਾਮਲੇ 'ਚ ਅੱਗੇ ਆ ਕੇ ਪਰਿਵਾਰ ਨਾਲ ਬੱਚੇ ਨੂੰ ਮਿਲਾਓਗੇ ਤਾਂ ਉਸ ਦਾ ਪਰਿਵਾਰ ਤੁਹਾਡਾ ਧੰਨਵਾਦੀ ਹੋਵੇਗਾ।ਇਸ ਮਗਰੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਉਹ ਇਸ ਮੁੱਦੇ 'ਤੇ ਪੰਜਾਬ ਸਰਕਾਰ ਨਾਲ ਗੱਲ ਕਰਨਗੇ।