ਪਾਕਿ ਨੇ ਈਰਾਨ ਦੇ ਰਾਜਦੂਤ ਨੂੰ ਕੀਤਾ ਤਲਬ

12/16/2018 3:15:30 PM

ਇਸਲਾਮਾਬਾਦ (ਏ.ਪੀ.)- ਪਾਕਿਸਤਾਨ ਨੇ ਨੀਮ ਫੌਜੀ ਬਲਾਂ ਦੇ 6 ਫੌਜੀਆਂ ਨੂੰ ਕਤਲ ਨੂੰ ਲੈ ਕੇ ਈਰਾਨ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਫੌਜੀਆਂ 'ਤੇ ਸਰਹੱਦ 'ਤੇ ਗਸ਼ਤ ਦੌਰਾਨ ਅੱਤਵਾਦੀਆਂ ਨੇ ਸੰਨ੍ਹ ਲਗਾ ਕੇ ਹਮਲਾ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਉਸ ਨੇ ਹਮਲੇ ਲਈ ਜ਼ਿੰਮੇਵਾਰ ਹਥਿਆਰਬੰਦ ਸਮੂਹ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਈਰਾਨ ਦੇ ਰਾਜਦੂਤ ਨੂੰ ਤਲਬ ਕੀਤਾ ਹੈ।

ਅਜੇ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਨਾ ਹੀ ਦੇਸ਼ ਨੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਹੈ। ਤਕਰੀਬਨ 30 ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਫਰੰਟੀਅਰ ਕੋਰ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ 6 ਫੌਜੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਵਿਚ ਚਾਰ ਹਮਲਾਵਰ ਵੀ ਮਾਰੇ ਗਏ। ਈਰਾਨ ਨੇ ਸ਼ਨੀਵਾਰ ਹਮਲੇ ਦੀ ਨਿੰਦਿਆ ਕੀਤੀ ਅਤੇ ਪਾਕਿਸਤਾਨ ਦੇ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ।

ਸਰਹੱਦੀ ਖੇਤਰ ਵਿਚ ਅੱਤਵਾਦੀ ਸੰਗਠਨ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੇ ਕਈ ਤਸਕਰ ਵੀ ਸਰਗਰਮ ਹਨ। ਅੱਤਵਾਦੀਆਂ ਨੇ ਅਕਤੂਬਰ ਵਿਚ ਸਰਹੱਦ ਨੇੜੇ ਈਰਾਨ ਦੇ ਤਕਰੀਬਨ 12 ਸਰਹੱਦੀ ਗਾਰਡਾਂ ਨੂੰ ਬੰਦੀ ਬਣਾ ਲਿਆ ਸੀ। ਪਾਕਿਸਤਾਨ ਵਿਚ ਪਿਛਲੇ ਮਹੀਨੇ ਪੰਜ ਨੂੰ ਰਿਹਾਅ ਕਰ ਦਿੱਤਾ ਗਿਆ।

Sunny Mehra

This news is Content Editor Sunny Mehra