ਇੰਗਲੈਂਡ ''ਚ ਫੇਲ ਹੋਣ ਪਿੱਛੋਂ ਪਾਕਿਸਤਾਨ ''ਚ ਸਰਗਰਮ ਹੋਈ ਐੱਸ. ਐੱਫ. ਜੇ.

11/28/2018 3:27:27 PM

ਵਾਸ਼ਿੰਗਟਨ(ਏਜੰਸੀ)— 12 ਅਗਸਤ , 2018 ਨੂੰ ਲੰਡਨ 'ਚ 'ਸਿੱਖਸ ਫਾਰ ਜਸਟਿਸ' ਸੰਸਥਾ ਨੇ ਵੱਖਰੇ ਰਾਜ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਰਾਇਸ਼ੁਮਾਰੀ (ਰਿਫਰੈਂਡਮ 2020) 'ਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਕਈ ਸਿੱਖ ਜਥੇਬੰਦੀਆਂ ਨੂੰ ਸੱਦਾ ਭੇਜਿਆ ਸੀ। ਇਸ ਸਮਾਗਮ 'ਚ 'ਸਿੱਖਸ ਫਾਰ ਜਸਟਿਸ' ਨੂੰ ਭਾਰਤ ਦੀਆਂ ਸਿੱਖ ਜਥੇਬੰਦੀਆਂ ਵਲੋਂ ਕੋਈ ਵੱਡਾ ਹੁੰਗਾਰਾ ਨਹੀਂ ਦਿੱਤਾ ਗਿਆ ਤੇ ਨਾ ਹੀ ਸਿੱਖ ਵੱਡੀ ਗਿਣਤੀ 'ਚ ਰਜਿਸਟ੍ਰੇਸ਼ਨ ਦਾ ਹਿੱਸਾ ਬਣੇ।  ਹੁਣ ਇਕ ਵਾਰ ਫਿਰ ਇਹ ਮੁੱਦਾ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ। ਖਾਲਿਸਤਾਨ ਸਮਰਥਕ ਗਰੁੱਪ 'ਸਿੱਖਸ ਫਾਰ ਜਸਟਿਸ' (ਐੱਸ. ਐੱਫ. ਜੇ.) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਪਾਕਿਸਤਾਨ 'ਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਇੱਥੇ ਉਹ 'ਕਰਤਾਰਪੁਰ ਸਾਹਿਬ ਕੰਨਵੈਨਸ਼ਨ-2019' ਉਲੀਕ ਰਹੇ ਹਨ।
ਨਿਊਯਾਰਕ ਹੈੱਡ ਕੁਆਰਟਰ ਤੋਂ ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ 'ਚ 2020 ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨਗੇ, ਜਦ ਨਵੰਬਰ 2019 'ਚ 30 ਦੇਸ਼ਾਂ ਦੇ ਸਿੱਖ ਇੱਥੇ ਪੁੱਜਣਗੇ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਤੀਤ ਕੀਤੇ ਸਨ।

ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਪਾਕਿਸਤਾਨ ਨੇ ਖਾਲਿਸਤਾਨ ਦੇ ਸਮਰਥਨ ਲਈ ਸਿੱਖਸ ਫਾਰ ਜਸਟਿਸ ਨੂੰ ਦਫਤਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜੋ ਲਾਹੌਰ 'ਚ ਖੋਲ੍ਹਿਆ ਜਾਵੇਗਾ। 'ਕਰਤਾਰਪੁਰ ਸਾਹਿਬ ਕਨਵੈਨਸ਼ਨ' ਦੌਰਾਨ ਸਿੱਖਸ ਫਾਰ ਜਸਟਿਸ 10,000 ਸਿੱਖਾਂ ਨੂੰ ਇਸ ਸਬੰਧੀ ਜਾਗਰੂਕ ਕਰੇਗੀ ਜੋ ਕਿ ਬਾਅਦ 'ਚ 'ਰਿਫਰੈਂਡਮ 2020' ਦੇ ਅੰਬੈਸਡਰ ਵਜੋਂ ਕੰਮ ਕਰਨਗੇ। ਸਿੱਖਸ ਫਾਰ ਜਸਟਿਸ ਵਲੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਉਹ ਨਵੰਬਰ 2020 'ਚ ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਫਿਲਪੀਨਜ਼, ਸਿੰਗਾਪੁਰ, ਕੀਨੀਆ ਅਤੇ ਮੱਧ ਪੂਰਬੀ ਦੇਸ਼ਾਂ ਅਤੇ ਭਾਰਤ 'ਚ ਰਾਇਸ਼ੁਮਾਰੀ ਕਰਵਾਉਣਗੇ।