ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਲੈਣ ਲਈ ਸ਼ਹਿਬਾਜ਼ ਲੰਡਨ ਰਵਾਨਾ

09/12/2018 3:19:09 PM

ਲਾਹੌਰ (ਭਾਸ਼ਾ)— ਪਾਕਿਸਤਾਨ ਮੁਸਮਿਲ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਆਪਣੀ ਭਾਬੀ ਕੁਲਸੁਮ ਨਵਾਜ਼ ਦੀ ਮ੍ਰਿਤਕ ਦੇਹ ਲੈਣ ਲਈ ਬੁੱਧਵਾਰ ਨੂੰ ਲੰਡਨ ਰਵਾਨਾ ਹੋਏ। 68 ਸਾਲਾ ਕੁਲਸੁਮ ਕੈਂਸਰ ਨਾਲ ਪੀੜਤ ਸੀ। ਬੀਤੇ ਸਾਲ ਹੀ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੋਣ ਦਾ ਪਤਾ ਚੱਲਿਆ ਸੀ, ਜਿਸ ਮਗਰੋਂ ਲੰਡਨ ਵਿਚ ਉਨ੍ਹਾਂ ਦੀ ਕਈ ਵਾਰ ਸਰਜਰੀ ਕੀਤੀ ਗਈ ਅਤੇ ਕੀਮੋਥੈਰੇਪੀ ਦਿੱਤੀ ਗਈ। ਜੂਨ ਵਿਚ ਦਿਲ ਦਾ ਦੌਰਾ ਪੈਣ ਮਗਰੋਂ ਉਹ ਵੈਂਟੀਲੇਟਰ 'ਤੇ ਹੀ ਸੀ। ਇਸ ਬੀਮਾਰੀ ਨਾਲ ਹੀ ਮੰਗਲਵਾਰ ਸ਼ਾਮ ਉਨ੍ਹਾਂ ਦੀ ਮੌਤ ਹੋ ਗਈ। ਸ਼ਹਿਬਾਜ਼ ਇੱਥੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਰਵਾਨਾ ਹੋਏ।

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੇਗਮ ਕੁਲਸੁਮ ਦੇ ਆਖਰੀ ਸਫਰ ਦੀ ਨਮਾਜ਼ ਵੀਰਵਾਰ ਦੁਪਹਿਰ ਰੀਜੈਂਟ ਪਾਰਕ ਈਦਗਾਹ ਵਿਚ ਅਦਾ ਕੀਤੀ ਜਾਵੇਗੀ। ਉੱਥੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਕੁਲਸੁਮ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਸ਼ਰੀਫ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਜਾਤੀ ਉਮਰਾ ਵਿਚ ਦਫਨ ਕੀਤਾ ਜਾਵੇਗਾ। ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਅਦਿਆਲਾ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਬੇਟੀ ਮਰੀਅਮ ਅਤੇ ਜਵਾਈ ਸਫਦਰ ਨੂੰ ਕੁਲਸੁਮ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਲਈ 12 ਘੰਟੇ ਦੀ ਪੈਰੋਲ ਮਿਲਣ ਦੇ ਬਾਅਦ ਤਿੰਨੇ ਬੁੱਧਵਾਰ ਨੂੰ ਲਾਹੌਰ ਪਹੁੰਚ ਚੁੱਕੇ ਹਨ।