ਪਾਕਿ ਨੇ ਕਿਹਾ ਜਲਦੀ ਹੀ 291 ਭਾਰਤੀ ਮਛੇਰਿਆਂ ਨੂੰ ਕਰੇਗਾ ਰਿਹਾਅ

12/22/2017 1:05:03 PM

ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ 291 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਜਾ ਰਿਹਾ ਹੈ। ਇਨ੍ਹਾਂ ਮਛੇਰਿਆਂ ਨੇ ਕਥਿਤ ਤੌਰ 'ਤੇ ਖੇਤਰੀ ਜਲ-ਸੀਮਾ ਦਾ ਉਲੰਘਣ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਮਛੇਰਿਆਂ ਨੂੰ 2 ਪੜਾਵਾਂ ਦੇ ਤਹਿਤ ਰਿਹਾਅ ਕੀਤਾ ਜਾਵੇਗਾ। ਪਹਿਲੇ ਪੜਾਅ ਦੇ ਤਹਿਤ 29 ਦਸੰਬਰ ਨੂੰ ਅਤੇ ਦੂਜੇ ਪੜਾਅ ਦੇ ਤਹਿਤ 8 ਜਨਵਰੀ ਨੂੰ ਰਿਹਾਅ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਪਾਕਿਸਤਾਨ ਨੇ 68 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ। ਦਸੰਬਰ ਦੇ ਸ਼ੁਰੂਆਤ ਵਿਚ ਜਾਰੀ ਅਧਿਕਾਰਤ ਰਿਪੋਰਟ ਮੁਤਾਬਕ ਪਾਕਿਸਤਾਨ ਦੀਆਂ ਵੱਖ-ਵੱਖ ਜੇਲਾਂ ਵਿਚ 500 ਤੋਂ ਜ਼ਿਆਦਾ ਭਾਰਤੀ ਕੈਦ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਮਛੇਰੇ ਹਨ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਦੀ ਜੇਲ ਵਿਚ 996 ਵਿਦੇਸ਼ੀ ਹਨ, ਜਿਨ੍ਹਾਂ ਵਿਚ 527 ਭਾਰਤੀ ਹਨ। ਇਨ੍ਹਾਂ ਨੂੰ ਅੱਤਵਾਦ, ਹੱਤਿਆ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਰੂਪ ਨਾਲ ਦੇਸ਼ ਵਿਚ ਦਾਖਲ ਹੋਣ ਤਰ੍ਹਾਂ ਦੇ ਅਪਰਾਧਕ ਮਾਮਲਿਆਂ ਵਿਚ ਜੇਲ ਵਿਚ ਬੰਦ ਕੀਤਾ ਗਿਆ ਹੈ।