ਪਾਕਿਸਤਾਨ ਨੂੰ ਵੱਡਾ ਝਟਕਾ, ਤੇਲ ਦੀ ਤਲਾਸ਼ ''ਚ ਖਰਚੇ ਕਰੋੜਾਂ ਡਾਲਰ, ਫਿਰ ਵੀ ਹੱਥ ਖਾਲੀ

05/19/2019 8:05:44 PM

ਇਸਲਾਮਾਬਾਦ— ਪਾਕਿਸਤਾਨ ਨੇ ਜਦੋਂ ਕਰਾਚੀ ਦੇ ਨੇੜੇ ਤੱਟੀ ਇਲਾਕੇ 'ਚ ਤੇਲ ਤੇ ਗੈਸ ਦੀ ਖੋਜ ਸ਼ੁਰੂ ਕੀਤੀ ਤਾਂ ਵੱਡਾ ਤੇਲ ਭੰਡਾਰ ਮਿਲਣ ਦੀ ਉਮੀਦ ਜਤਾਈ ਗਈ ਸੀ। ਪਰ ਸ਼ਨੀਵਾਰ ਨੂੰ ਪਾਕਿਸਤਾਨ ਨੇ ਅਧਿਕਾਰਿਤ ਰੂਪ ਨਾਲ ਇਸ ਖੇਤਰ 'ਚ ਤੇਲ ਤੇ ਗੈਸ ਦੀ ਖੋਜ ਦੀ ਕੋਸ਼ਿਸ਼ ਰੋਕ ਦਿੱਤੀ ਹੈ। ਇਸ ਨਾਲ ਆਪਣੀਆਂ ਈਂਧਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ 'ਚ ਲੱਗੇ ਪਾਕਿਸਤਾਨ ਨੂੰ ਇਕ ਵੱਡਾ ਝਟਕਾ ਲੱਗਿਆ ਹੈ।

ਇਕ ਪੱਤਰਕਾਰ ਏਜੰਸੀ ਮੁਤਾਬਕ ਤੇਲ ਦੇ ਖੂਹ ਦੀ ਤਲਾਸ਼ ਕਰ ਰਿਹਾ ਦਲ ਅਗਲੇ ਕੁਝ ਦਿਨਾਂ 'ਚ ਇਸ ਖੁਦਾਈ ਨੂੰ ਬੰਦ ਕਰ ਦੇਵੇਗਾ। ਪਾਕਿਸਤਾਨ ਕੇਕਰਾ-1 ਸੈਕਟਰ 'ਚ ਆਫਸ਼ੋਰ ਡ੍ਰਿਲਿੰਗ ਕਰ ਰਿਹਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਇਸ ਖੇਤਰ 'ਚ ਤੇਲ ਦੀ ਖੋਜ ਦੀਆਂ 17 ਕੋਸ਼ਿਸ਼ਾਂ ਕਰ ਚੁੱਕਿਆ ਹੈ ਪਰ ਸਾਰੀਆਂ ਅਸਫਲ ਰਹੀਆਂ। ਕੇਕਰਾ-1 ਤੇਲ ਦਾ ਖੂਹ ਕਰਾਚੀ ਦੇ ਤੱਟ ਤੋਂ 280 ਕਿਲੋਮੀਟਰ ਦੂਰ ਦੱਖਣ-ਪੱਛਮ 'ਚ ਸਥਿਤ ਹੈ।

ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਦੀਮ ਬਾਬਰ ਨੇ ਸਥਾਨਕ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਤੇਲ ਦੀ ਖੋਜ ਦੇ ਨਤੀਜੇ ਸਾਡੀ ਸੋਚ ਮੁਤਾਬਕ ਨਹੀਂ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸੇ ਸਾਲ ਮਾਰਚ 'ਚ ਕਿਹਾ ਸੀ ਕਿ ਪਾਕਿਸਤਾਨ ਨੂੰ ਅਰਬ ਸਾਗਰ 'ਚ ਤੇਲ ਦਾ ਵੱਡਾ ਭੰਡਾਰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਤੇਲ ਤੇ ਗੈਸ ਦੀ ਵੱਡੀ ਖੋਜ ਕਰਨ ਦੇ ਨੇੜੇ ਪਹੁੰਚ ਗਿਆ ਹੈ ਤੇ ਜੇਕਰ ਅਜਿਹਾ ਹੋਇਆ ਤਾਂ ਦੇਸ਼ ਦੀਆਂ ਆਰਥਿਕ ਸਮੱਸਿਆਵਾਂ ਖਤਮ ਹੋ ਜਾਣਗੀਆਂ।

ੁਪਾਕਿਸਤਾਨ ਦੇ ਇਸ ਜਲ ਖੇਤਰ 'ਚ ਅਮਰੀਕੀ ਤੇਲ ਕੰਪਨੀ ਐਕਸਨਮੋਬਿਲ ਤੇ ਇਟਲੀ ਦੀ ਈਐੱਨਆਈ ਤੇਲ ਦੀ ਖੋਜ 'ਚ ਸਾਂਝੀ ਖੁਦਾਈ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ ਤੇਲ ਦੀ ਖੋਜ 'ਚ ਸਮੁੰਦਰ 'ਚ ਗਹਿਰਾ ਖੂਹ ਕੱਢਿਆ ਹੈ। ਪਾਕਿਸਤਾਨ ਪੈਟਰੋਲੀਅਮ ਰਿਜ਼ਰਵ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ 5500 ਮੀਟਰ ਤੱਕ ਦੀ ਖੁਦਾਈ ਤੱਕ ਕੋਈ ਤੇਲ ਦਾ ਭੰਡਾਰ ਨਹੀਂ ਮਿਲਿਆ। ਹੁਣ ਕੰਪਨੀਆਂ ਨੇ ਖੁਦਾਈ ਬੰਦ ਕਰਨ ਦਾ ਫੈਸਲਾ ਲਿਆ ਹੈ।

ਪਾਕਿਸਤਾਨ ਦੇ ਜਲ ਸੰਸਾਧਨ ਮੰਤਰੀ ਸਈਦ ਅਲੀ ਹੈਦਰ ਨੇ ਗਲਫ ਨਿਊਜ਼ ਨੂੰ ਕਿਹਾ ਕਿ ਅਸੀਂ ਤੇਲ ਦੀ ਖੋਜ 'ਚ ਅਜੇ ਸਿਰਫ 18 ਖੂਹ ਹੀ ਕੱਢੇ ਹਨ। ਭਾਰਤ ਨੂੰ 43ਵਾਂ ਖੂਹ ਕੱਢਣ ਤੋਂ ਬਾਅਦ ਸਫਲਤਾ ਮਿਲੀ ਸੀ। ਲੀਬੀਆ ਨੂੰ 58ਵਾਂ ਖੂਹ ਕੱਢਣ ਤੋਂ ਬਾਅਦ ਸਫਲਤਾ ਮਿਲੀ ਸੀ। ਨਾਰਵੇ ਜਿਥੇ ਤੇਲ ਮਿਲਣ ਦੀ ਕੋਈ ਆਸ ਨਹੀਂ ਸੀ ਪਰ ਉਸ ਨੇ 78 ਖੂਹ ਪੁੱਟੇ ਤੇ ਉਸ ਨੂੰ ਸਫਲਤਾ ਮਿਲੀ।

ਪਾਕਿਸਤਾਨ ਆਪਣੀਆਂ ਈਂਧਨ ਦੀਆਂ ਲੋੜਾਂ ਲਈ ਵੀ ਤੇਲ ਦੀ ਦਰਾਮਦ 'ਤੇ ਨਿਰਭਰ ਕਰਦਾ ਹੈ। ਫਿਲਹਾਲ ਪਾਕਿਸਤਾਨ ਆਪਣੀਆਂ ਲੋੜਾਂ ਦਾ 85 ਫੀਸਦੀ ਤੇਲ ਬਾਹਰੋਂ ਖਰੀਦਦਾ ਹੈ ਤੇ ਖੁਦ 15 ਫੀਸਦੀ ਕੱਚਾ ਤੇਲ ਹੀ ਪੈਦਾ ਕਰਦਾ ਹੈ। ਪਾਕਿਸਤਾਨ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦਾ ਵੱਡਾ ਹਿੱਸਾ ਤੇਲ ਖਰੀਦਣ 'ਤੇ ਹੀ ਖਰਚ ਕਰਨਾ ਪੈਂਦਾ ਹੈ। ਪਾਕਿਸਤਾਨ ਦੇ ਆਰਥਿਕ ਹਾਲਾਤ ਕਿੰਨੇ ਖਰਾਬ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਪਾਕਿਸਤਾਨ ਦਾ ਚਾਲੂ ਖਾਤਾ ਘਾਟਾ 18 ਅਰਬ ਡਾਲਰ ਤੱਕ ਪਹੁੰਚ ਗਿਆ ਹੈ।

Baljit Singh

This news is Content Editor Baljit Singh