ਪਾਕਿ ਸਥਿਤ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਨੂੰ ਖਰੀਦੇਗੀ ਸੂਬਾਈ ਸਰਕਾਰ

09/27/2020 6:26:46 PM

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਇਤਿਹਾਸਿਕ ਇਮਾਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਸ਼ਹੂਰ ਬਾਲੀਵੁੱਡ ਅਦਾਕਾਰ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਜੱਦੀ ਭਾਵ ਪੁਰਖਿਆਂ ਦੇ ਘਰਾਂ ਨੂੰ ਖਰੀਦਣ ਦਾ ਫ਼ੈਸਲਾ ਲਿਆ ਹੈ, ਜੋ ਕਿ ਖਸਤਾ ਹਾਲਤ ਵਿਚ ਹਨ ਅਤੇ ਢਹਿ ਢੇਰੀ ਕੀਤੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਖੈਬਰ-ਪਖਤੂਨਖਵਾ ਸੂਬੇ ਦੇ ਪੁਰਾਤੱਤਵ ਵਿਭਾਗ ਨੇ ਇਹਨਾਂ ਦੋਹਾਂ ਇਮਾਰਤਾਂ ਨੂੰ ਖਰੀਦਣ ਲਈ ਲੋੜੀਂਦਾ ਫੰਡ ਦੇਣ ਦਾ ਫ਼ੈਸਲਾ ਲਿਆ ਹੈ, ਜਿਹਨਾਂ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਗਿਆ ਹੈ। ਇਹ ਦੋਵੇਂ ਇਮਾਰਤਾਂ ਪੇਸ਼ਾਵਰ ਸ਼ਹਿਰ ਵਿਚ ਸਥਿਤ ਹਨ।

ਪੁਰਾਤੱਤਵ ਵਿਭਾਗ ਦੇ ਪ੍ਰਮੁੱਖ ਡਾਕਟਰ ਅਬਦੁੱਲ ਸਮਦ ਖਾਨ ਨੇ ਕਿਹਾ ਕਿ ਦੋਵੇਂ ਇਤਿਹਾਸਿਕ ਇਮਾਰਤਾਂ ਦੀ ਕੀਮਤ ਨਿਰਧਾਰਤ ਕਰਨ ਦੇ ਲਈ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਅਧਿਕਾਰਤ ਚਿੱਠੀ ਭੇਜੀ ਗਈ ਹੈ, ਜਿੱਥੇ ਵੰਡ ਤੋਂ ਪਹਿਲਾਂ ਭਾਰਤੀ ਸਿਨੇਮਾ ਦੇ ਦੋ ਮਹਾਨਾਇਕ ਪੈਦਾ ਹੋਏ ਅਤੇ ਬਚਪਨ ਵਿਚ ਵੱਡੇ ਹੋਏ। ਰਾਜ ਕਪੂਰ ਦੇ ਜੱਦੀ ਘਰ ਨੂੰ 'ਕਪੂਰ ਹਵੇਲੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਕਿੱਸਾ ਖਵਾਨੀ ਬਜ਼ਾਰ ਵਿਚ ਸਥਿਤ ਹੈ। ਇਸ ਨੂੰ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ 1918 ਤੋਂ 1922 ਦੇ ਵਿਚ ਬਣਵਾਇਆ ਸੀ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਸੱਤਾਧਾਰੀ ਲੇਬਰ ਪਾਰਟੀ ਇਕੱਲੇ ਕਰ ਸਕਦੀ ਹੈ ਰਾਜ : ਪੋਲ

ਅਦਾਕਾਰ ਦਿਲੀਪ ਕੁਮਾਰ ਦਾ ਕਰੀਬ 100 ਸਾਲ ਪੁਰਾਣਾ ਜੱਦੀ ਘਰ ਵੀ ਇਸੇ ਇਲਾਕੇ ਵੀ ਮੌਜੂਦ ਹੈ। ਇਹ ਘਰ ਵੀ ਖਸਤਾ ਹਾਲਤ ਵਿਚ ਹੈ ਅਤੇ 2014 ਵਿਚ ਉਸ ਸਮੇਂ ਦੀ ਨਵਾਜ਼ ਸ਼ਰੀਫ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਸੀ। ਖਾਨ ਨੇ ਕਿਹਾ ਕਿ ਇਹਨਾਂ ਦੋਹਾਂ ਇਤਿਹਾਸਿਕ ਇਮਾਰਤਾਂ ਦੇ ਮਾਲਕਾਂ ਨੇ ਕਈ ਵਾਰ ਇਸ ਨੂੰ ਤੋੜ ਕੇ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਪੁਰਾਤੱਤਵ ਵਿਭਾਗ ਇਹਨਾਂ ਦੇ ਇਤਿਹਾਸਿਕ ਮਹੱਤਵ ਦੇ ਕਾਰਨ ਇਹਨਾਂ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਸੀ। ਭਾਵੇਂਕਿ ਕਪੂਰ ਹਵੇਲੀ ਦੇ ਮਾਲਕ ਅਲੀ ਕਾਦਰ ਨੇ ਕਿਹਾ ਕਿ ਉਹ ਇਮਾਰਤ ਨੂੰ ਢਾਹੁਣਾ ਨਹੀਂ ਚਾਹੁੰਦੇ ਸਨ। ਅਲੀ ਨੇ ਦਾਅਵਾ ਕੀਤਾ ਕਿ ਇਸ ਇਤਿਹਾਸਿਕ ਇਮਾਰਤ ਦੀ ਰੱਖਿਆ ਅਤੇ ਸੁਰੱਖਿਆ ਦੇ ਲਈ ਉਹਨਾਂ ਨੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕੀਤਾ ਜੋ ਕਿ ਇਕ ਰਾਸ਼ਟਰੀ ਮਾਣ ਹੈ। ਇਮਾਰਤ ਦੇ ਮਾਲਕ ਨੇ ਇਸ ਨੂੰ ਸਰਕਾਰ ਨੂੰ ਵੇਚਣ ਦੇ ਲਈ 200 ਕਰੋੜ ਰੁਪਏ ਦੀ ਮੰਗ ਕੀਤੀ ਹੈ।

Vandana

This news is Content Editor Vandana