ਭਾਰਤ ਕਾਰਨ ਡਰ ਦੇ ਸਾਏ ''ਚ ਇਮਰਾਨ ਖਾਨ, ਲੱਗੀ ਪ੍ਰਮਾਣੂ ਹਥਿਆਰਾਂ ਦੀ ਚਿੰਤਾ

08/19/2019 3:51:39 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਇਕ ਵਾਰ ਦੁਬਾਰਾ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਗੁਹਾਰ ਲਾਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਗਾਤਾਰ ਕਈ ਟਵੀਟ ਕੀਤੇ ਤੇ ਭਾਰਤ ਦੇ ਹਥਿਆਰਾਂ ਨੂੰ ਲੈ ਕੇ ਆਪਣਾ ਡਰ ਜ਼ਾਹਿਰ ਕੀਤਾ। ਇਮਰਾਨ ਖਾਨ ਨੇ ਲਿਖਿਆ ਕਿ ਭਾਰਤ ਦੇ ਪ੍ਰਮਾਣੂ ਹਥਿਆਰਾਂ ਦਾ ਕੰਟਰੋਲ ਫਾਸੀਵਾਦੀ ਮੋਦੀ ਸਰਕਾਰ ਦੇ ਹੱਥ 'ਚ ਹੈ। ਇਹ ਇਕ ਅਜਿਹਾ ਮੁੱਦਾ ਹੈ, ਜਿਸ ਨਾਲ ਸਿਰਫ ਖੇਤਰ ਹੀ ਨਹੀਂ ਪੂਰੀ ਦੁਨੀਆ 'ਤੇ ਇਸ ਦਾ ਪ੍ਰਭਾਵ ਪਵੇਗਾ। 

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਹ ਬਿਆਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ 'ਪਹਿਲਾਂ ਪ੍ਰਮਾਣੂ ਹਮਲਾ ਨਾ ਕਰਨ ਦੀ ਨੀਤੀ' 'ਚ ਪਰੀਸਥਿਤੀਆਂ ਦੇ ਮੁਤਾਬਕ ਬਦਲਾਅ ਕਰਨ ਦੇ ਐਲਾਨ ਤੋਂ ਬਾਅਦ ਆਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਾਡੀ ਨੀਤੀ ਰਹੀ ਹੈ ਕਿ ਅਸੀਂ ਪ੍ਰਮਾਣੂ ਹਥਿਆਰ ਦੀ ਪਹਿਲਾਂ ਵਰਤੋਂ ਨਹੀਂ ਕਰਾਂਗੇ ਪਰ ਅੱਗੇ ਕੀ ਹੋਵੇਗਾ ਇਹ ਪਰੀਸਥਿਤੀਆਂ 'ਤੇ ਨਿਰਭਰ ਕਰਦਾ ਹੈ। ਇਮਰਾਨ ਖਾਨ ਨੇ ਟਵੀਟ 'ਚ ਲਿਖਿਆ ਕਿ ਹਿੰਦੂਵਾਦੀ ਮੋਦੀ ਸਰਕਾਰ ਸਿਰਫ ਪਾਕਿਸਤਾਨ ਦੇ ਲਈ ਹੀ ਨਹੀਂ ਬਲਕਿ ਭਾਰਤ ਦੇ ਘੱਟ ਗਿਣਤੀਆਂ ਤੇ 'ਨਹਿਰੂ-ਗਾਂਧੀ ਦੇ ਭਾਰਤ' ਲਈ ਵੀ ਖਤਰਾ ਹੈ।

ਖਾਨ ਇਕ ਵਾਰ ਫਿਰ ਕਸ਼ਮੀਰ ਮੁੱਦੇ 'ਤੇ ਦੁਨੀਆ ਦਾ ਸਮਰਥਨ ਮੰਗਦੇ ਹੋਏ ਨਜ਼ਰ ਆਏ। ਇਮਰਾਨ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤ ਨੂੰ ਦੇਖਦੇ ਹੋਏ ਹੁਣ ਤੱਕ ਖਤਰੇ ਦੀਆਂ ਘੰਟੀਆਂ ਵੱਜ ਜਾਣੀਆਂ ਚਾਹੀਦੀਆਂ ਸਨ ਤੇ ਸੰਯੁਕਤ ਰਾਸ਼ਟਰ ਦੇ ਦੂਤ ਉਥੇ ਭੇਜੇ ਜਾਣੇ ਚਾਹੀਦੇ ਸਨ।

ਇਮਰਾਨ ਨੇ ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਮੋਦੀ ਸਰਕਾਰ ਦੀ ਤੁਲਨਾ ਜਰਮਨੀ ਦੇ ਨਾਜ਼ੀਆਂ ਨਾਲ ਕੀਤੀ ਤੇ ਦੋਸ਼ ਲਾਇਆ ਕਿ ਕਸ਼ਮੀਰ 'ਚ ਪਿਛਲੇ ਦੋ ਹਫਤਿਆਂ ਤੋਂ 90 ਲੱਖ ਮੁਸਲਮਾਨ ਡਰ ਦੇ ਸਾਏ 'ਚ ਜੀਅ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੀ ਨਫਰਤ ਦੀ ਵਿਚਾਰਧਾਰਾ ਦੇ ਕਾਰਨ ਨਾ ਸਿਰਫ ਭਾਰਤ ਦੇ ਘੱਟ ਗਿਣਤੀਆਂ 'ਚ ਖੌਫ ਹੈ ਬਲਕਿ ਪਾਕਿਸਤਾਨ ਦੇ ਹਿੰਦੂ ਘੱਟ ਗਿਣਤੀਆਂ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ।

ਦੱਸ ਦਈਏ ਕਿ 5 ਅਗਸਤ ਨੂੰ ਮੋਦੀ ਸਰਕਾਰ ਦੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਨਾਲ ਜੁੜੀ ਧਾਰਾ 370 ਨੂੰ ਬਦਲਣ ਦੇ ਫੈਸਲੇ ਤੋਂ ਬਾਅਦ ਤੋਂ ਪਾਕਿਸਤਾਨ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਹੈ ਪਰ ਅੰਤਰਰਾਸ਼ਟਰੀ ਮੰਚ ਜਾਂ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਉਸ ਨੂੰ ਮਦਦ ਨਹੀਂ ਮਿਲ ਰਹੀ।

Baljit Singh

This news is Content Editor Baljit Singh