ਭਾਰਤੀ ਡਿਪਟੀ ਹਾਈ ਕਮਿਸ਼ਨਰ ਨੇ ਕੁਲਭੂਸ਼ਣ ਜਾਧਵ ਨਾਲ ਕੀਤੀ ਮੁਲਾਕਾਤ

09/02/2019 3:22:00 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵੱਲੋਂ ਕੌਂਸੁਲਰ ਐਕਸੈੱਸ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਅੱਜ ਇਸਲਾਮਾਬਾਦ ਵਿਚ ਸੀਨੀਅਰ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ। ਦੋਹਾਂ ਵਿਚਾਲੇ ਕਰੀਬ 2 ਘੰਟੇ ਤੱਕ ਗੱਲਬਾਤ ਹੋਈ। ਸੋਮਵਾਰ ਦੁਪਹਿਰ 12:30 ਵਜੇ (ਭਾਰਤੀ ਸਮੇਂ ਮੁਤਾਬਕ) ਗੌਰਵ ਆਹੂਲਵਾਲੀਆ ਅਤੇ ਕੁਲਭੂਸ਼ਣ ਜਾਧਵ ਵਿਚਾਲੇ ਬੈਠਕ ਸ਼ੁਰੂ ਹੋਈ। 

 

ਇਸ ਤੋਂ ਪਹਿਲਾਂ ਖਬਰ ਆਈ ਹੈ ਕਿ ਪਾਕਿਸਤਾਨ ਨੇ ਚਲਾਕੀ ਦਿਖਾਉਂਦਿਆਂ ਅਚਾਨਕ ਮੁਲਾਕਾਤ ਦੀ ਜਗ੍ਹਾ ਬਦਲ ਦਿੱਤੀ। ਇਹ ਮੁਲਾਕਾਤ ਪਾਕਿਸਤਾਨ ਦੀ ਇਕ ਉਪ ਜੇਲ ਵਿਚ ਹੋਈ।ਭਾਰਤੀ ਨਾਗਿਰਕ ਕੁਲਭੂਸ਼ਣ ਜਾਧਵ (49) ਪਾਕਿਸਤਾਨ ਦੀ ਜੇਲ ਵਿਚ ਬੰਦ ਹੈ। ਉਸ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ਵਿਚ ਗੁਆਂਢੀ ਦੇਸ਼ ਨੇ 2017 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਜਾਧਵ ਨੂੰ ਇਹ ਐਕਸੈੱਸ ਗਿ੍ਰਫਤਾਰੀ ਦੇ ਤਿੰਨ ਸਾਲ ਬਾਅਦ ਪਹਿਲੀ ਵਾਰ ਮਿਲਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਗੌਰਵ ਆਹਲੂਵਾਲੀਆ ਅਤੇ ਜਾਧਵ ਵਿਚਾਲੇ ਬੈਠਕ ਹਾਲੇ ਜਾਰੀ ਹੈ। ਬੈਠਕ ਲਈ ਦੋ ਘੰਟੇ ਦਾ ਸਮਾਂ ਦਿੱਤਾ ਗਿਆ ਹੈ। 

ਇਸ ਦੌਰਾਨ ਗੌਰਵ ਆਹਲੂਵਾਲੀਆ, ਕੁਲਭੂਸ਼ਣ ਨਾਲ ਜੇਲ ਵਿਚ ਉਨ੍ਹਾਂ ਨਾਲ ਕੀਤੇ ਵਿਵਹਾਰ ਦੇ ਬਾਰੇ ਵਿਚ ਪੁੱਛਣਗੇ। ਨਾਲ ਹੀ ਉਨ੍ਹਾਂ ਦੀਆਂ ਮੁਸ਼ਕਲਾਂ, ਮੰਗਾਂ ਜਾਂ ਫਿਰ ਅੱਗੇ ਦੀ ਰਣਨੀਤੀ ਦੇ ਬਾਰੇ ਵਿਚ ਚਰਚਾ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2017 ਵਿਚ ਕੁਲਭੂਸ਼ਣ ਦੀ ਮਾਂ ਅਤੇ ਪਤਨੀ ਨੇ ਇਸਲਾਮਾਬਾਦ ਵਿਚ ਉਸ ਨਾਲ ਮੁਲਾਕਾਤ ਕੀਤੀ ਸੀ। ਇਸ ਮਗਰੋਂ ਕਿਸੇ ਭਾਰਤੀ ਦੀ ਜਾਧਵ ਨਾਲ ਮੁਲਾਕਾਤ ਨਹੀਂ ਹੋਈ ਹੈ।

Vandana

This news is Content Editor Vandana