ਕਸ਼ਮੀਰ ਮੁੱਦੇ ''ਤੇ ਪਾਕਿ ਨੇ ਸਾਊਦੀ ਅਰਬ ਨੂੰ ਦਿੱਤੀ ਧਮਕੀ!

08/06/2020 6:34:55 PM

ਇਸਲਾਮਾਬਾਦ (ਬਿਊਰੋ): ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ 5 ਅਗਸਤ ਨੂੰ ਇਕ ਸਾਲ ਪੂਰਾ ਹੋ ਗਿਆ। ਭਾਰਤ ਦੇ ਇਸ ਕਦਮ ਦੇ ਖਿਲ਼ਾਫ਼ ਪਾਕਿਸਤਾਨ ਨੇ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਅਪੀਲ ਕੀਤੀ ਪਰ ਅਸਫਲ ਰਿਹਾ। ਇੱਥੋਂ ਤੱਕ ਕਿ ਪਾਕਿਸਤਾਨ ਮੁਸਲਿਮ ਦੇਸ਼ਾਂ ਨੂੰ ਵੀ ਇਕਜੁੱਟ ਨਹੀਂ ਕਰ ਸਕਿਆ।ਇਸ ਗੱਲ ਨਾਲ ਪਰੇਸ਼ਾਨ ਹੁਣ ਪਾਕਿਸਤਾਨ ਨੇ ਸਾਊਦੀ ਦੇ ਦਬਦਬੇ ਵਾਲੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਨੂੰ ਕਸ਼ਮੀਰ ਮੁੱਦੇ 'ਤੇ ਸਿੱਧੀ ਧਮਕੀ ਦਿੱਤੀ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੁੱਧਵਾਰ ਨੂੰ ਸਾਊਦੀ ਦੀ ਅਗਵਾਈ ਵਾਲੇ ਓ.ਆਈ.ਸੀ. ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਸ਼ਮੀਰ 'ਤੇ ਵਿਦੇਸ਼ ਮੰਤਰੀਆਂ ਦੇ ਪੱਧਰ ਦੀ ਬੈਠਕ ਬੁਲਾਉਣ ਵਿਚ ਬਿਲਕੁੱਲ ਦੇਰੀ ਨਾ ਕਰੇ। ਪਾਕਿਸਤਾਨੀ ਨਿਊਜ਼ ਚੈਨਲ ਏ.ਆਰ.ਵਾਈ. ਨਿਊਜ਼ ਨਾਲ ਇਕ ਟਾਕ ਸ਼ੋਅ ਵਿਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ,''ਮੈਂ ਇਕ ਵਾਰ ਫਿਰ ਸਨਮਾਨ ਸਮੇਤ ਓ.ਆਈ.ਸੀ. ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਉਮੀਦ ਵਿਦੇਸ਼ ਮੰਤਰੀਆਂ ਦੇ ਪੱਧਰ ਦੀ ਬੈਠਕ ਨਾਲੋਂ ਘੱਟ ਕੁਝ ਨਹੀਂ ਹੈ। ਜੇਕਰ ਤੁਸੀਂ ਇਸ ਨੂੰ ਨਹੀਂ ਬੁਲਾ ਸਕਦੇ ਹੋ ਤਾਂ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਕਹਿਣ ਲਈ ਮਜਬੂਰ ਹੋ ਜਾਵਾਂਗਾ ਕਿ ਉਹ ਕਸ਼ਮੀਰ ਮੁੱਦੇ 'ਤੇ ਸਾਡੇ ਨਾਲ ਖੜ੍ਹੇ ਇਸਲਾਮਿਕ ਦੇਸ਼ਂ ਦੇ ਨਾਲ ਵੱਖ ਤੋਂ ਬੈਠਕ ਬੁਲਾਉਣ।'' 

ਕੁਰੈਸ਼ੀ ਨੇ ਕਿਹਾ ਕਿ ਜੇਕਰ ਓ.ਆਈ.ਸੀ. ਆਪਣੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਬੁਲਾਉਣ ਵਿਚ ਅਸਫਲ ਰਹਿੰਦਾ ਹੈ ਤਾਂ ਪਾਕਿਸਤਾਨ ਇਸ ਤੋਂ ਬਾਹਰ ਜਾ ਕੇ ਸੈਸ਼ਨ ਬੁਲਾਉਣ ਲਈ ਤਿਆਰ ਹੈ। ਇਕ ਦੂਜੇ ਸਵਾਲ ਦੇ ਜਵਾਬ ਵਿਚ ਕੁਰੈਸ਼ੀ ਨੇ ਕਿਹਾ ਕਿ ਹੁਣ ਪਾਕਿਸਤਾਨ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਓ.ਆਈ.ਸੀ. ਮੁਸਲਿਮ ਦੇਸ਼ਾਂ ਦਾ ਸਭ ਤੋਂ ਵੱਡਾ ਗਲੋਬਲ ਮੰਚ ਹੈ। ਇਸ ਦੇ 57 ਦੇਸ਼ ਮੈਂਬਰ ਹਨ ਅਤੇ ਸੰਯੁਕਤ ਰਾਸ਼ਟਰ ਦੇ ਬਾਅਦ ਸਭ ਤੋਂ ਵੱਡੀ ਇੰਟਰਗਵਰਨਮੈਂਟਲ ਬੌਡੀ ਹੈ। ਭਾਰਤ ਦੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਫੈਸਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਓ.ਆਈ.ਸੀ. ਨੂੰ ਬੈਠਕ ਬੁਲਾਉਣ ਦੀ ਮੰਗ ਕਰ ਰਿਹਾ ਹੈ।

ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ 'ਤੇ ਵਿਦੇਸ਼ ਮੰਤਰੀਆਂ ਦੇ ਪੱਧਰ ਦੀ ਬੈਠਕ ਇਸ ਲਈ ਅਸਫਲ ਰਹੀ ਕਿਉਂਕਿ ਸਾਊਦੀ ਅਰਬ ਪਾਕਿਸਤਾਨ ਦੀ ਅਪੀਲ ਨੂੰ ਸਵੀਕਾਰ ਕਰਨ ਸਬੰਧੀ ਗੈਰ ਇਛੁੱਕ ਸੀ। ਓ.ਆਈ.ਸੀ. ਵਿਚ ਕਿਸੇ ਵੀ ਪ੍ਰਸਤਾਵ ਨੂੰ ਪਾਸ ਕਰਾਉਣ ਲਈ ਸਾਊਦੀ ਦਾ ਸਮਰਥਨ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਸੰਗਠਨ ਵਿਚ ਸਾਊਦੀ ਅਰਬ ਦਾ ਹੀ ਦਬਦਬਾ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਪਿਛਲੇ ਸਾਲ ਦਸੰਬਰ ਵਿਚ ਸਾਊਦੀ ਦੇ ਕਹਿਣ 'ਤੇ ਹੀ ਕੁਆਲਾਲੰਪੁਰ ਸੰਮੇਲਨ ਵਿਚ ਸ਼ਾਮਲ ਨਹੀਂ ਹੋਇਆ ਸੀ। ਹੁਣ ਪਾਕਿਸਤਾਨ ਦੇ ਮੁਸਲਮਾਨ ਸਾਊਦੀ ਨੂੰ ਕਸ਼ਮੀਰ ਦੇ ਮੁੱਦੇ 'ਤੇ ਅਗਵਾਈ ਕਰਦਾ ਦੇਖਣਾ ਚਾਹੁੰਦੇ ਹਨ। ਸਾਡੀਆਂ ਆਪਣੀਆਂ ਭਾਵਨਾਵਾਂ ਹਨ। ਤੁਹਾਨੂੰ ਇਹਨਾਂ ਦਾ ਅਹਿਸਾਸ ਕਰਨਾ ਹੋਵੇਗਾ।ਖਾੜੀ ਦੇਸ਼ਾਂ ਨੂੰ ਇਸ ਗੱਲ ਨੂੰ ਸਮਝਣਾ ਹੋਵੇਗਾ।

ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕੂਟਨੀਤਕ ਰੂਪ ਨਾਲ ਚੰਗੇ ਦਿਸਣ ਦੀ ਖੇਡ ਵਿਚ ਹੋਰ ਨਹੀ ਪੈਣਾ ਚਾਹੁੰਦੇ। ਕੁਰੈਸ਼ੀ ਨੇ ਕਿਹਾ ਉਹ ਭਾਵੁਕ ਹੋ ਕੇ ਅਜਿਹਾ ਨਹੀਂ ਕਹਿ ਰਹੇ ਸਗੋਂ ਉਹ ਆਪਣੇ ਬਿਆਨ ਦੇ ਮਾਇਨੇ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਅਜਿਹਾ ਕਹਿ ਰਹੇ ਹਨ। ਕੁਰੈਸ਼ੀ ਨੇ ਕਿਹਾ ਕਿ ਇਹ ਸਹੀ ਹੈ ਮੈਂ ਸਾਊਦੀ ਅਰਬ ਦੇ ਨਾਲ ਚੰਗੇ ਸੰਬੰਧਾਂ ਦੇ ਬਾਵਜੂਦ ਆਪਣਾ ਪੱਖ ਸਪੱਸ਼ਟ ਕਰ ਰਿਹਾ ਹਾਂ। ਅਸੀਂ ਕਸ਼ਮੀਰੀਆਂ ਦੀਆਂ ਪਰੇਸ਼ਾਨੀਆਂ 'ਤੇ ਹੋਰ ਚੁੱਪ ਨਹੀਂ ਰਹਿ ਸਕਦੇ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ, ਮਲੇਸ਼ੀਆ ਅਤੇ ਤੁਰਕੀ ਮਿਲ ਕੇ ਮੁਸਲਿਮ ਦੇਸ਼ਾਂ ਦਾ ਵੱਖਰਾ ਗਠਜੋੜ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਪਾਕਿਸਤਾਨ ਤੁਰਕੀ ਦਾ ਸਾਥ ਪਾ ਕੇ ਕਸ਼ਮੀਰ ਮੁੱਦੇ 'ਤੇ ਸਾਊਦੀ ਨੂੰ ਆਰ-ਪਾਰ ਕਰਨ ਦੇ ਮੂਡ ਵਿਚ ਨਜ਼ਰ ਆ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਸਾਊਦੀ ਅਰਬ ਪਾਕਿਸਤਾਨ ਦੀ ਇਸ ਸ਼ਰੇਆਮ ਧਮਕੀ 'ਤੇ ਕੀ ਪ੍ਰਤੀਕਿਰਿਆ ਦਿੰਦਾ ਹੈ।

Vandana

This news is Content Editor Vandana