ਕਰਤਾਰਪੁਰ ਕੋਰੀਡੋਰ : ਇਨ੍ਹਾਂ ਮੁੱਦਿਆਂ 'ਤੇ ਭਾਰਤ-ਪਾਕਿ 'ਚ ਬਣੀ ਸਹਿਮਤੀ

09/15/2019 9:52:12 AM

ਇਸਲਾਮਾਬਾਦ (ਬਿਊਰੋ)— ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਹਿਮਤੀ ਬਣ ਗਈ ਹੈ। ਦੋਵੇਂ ਦੇਸ਼ ਕਰਤਾਰਪੁਰ ਕੋਰੀਡਰ ਦੇ ਰਸਤੇ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੇਣ 'ਤੇ ਸਹਿਮਤ ਹੋ ਗਏ ਹਨ। ਇਨ੍ਹਾਂ ਸ਼ਰਧਾਲੂਆਂ ਨੂੰ ਯਾਤਰਾ ਤੋਂ ਲੈ ਕੇ ਦੁਪਹਿਰ ਦਾ ਖਾਣਾ ਅਤੇ ਮੈਡੀਕਲ ਸਹੂਲਤ ਮੁਫਤ ਵਿਚ ਦਿੱਤੀ ਜਾਵੇਗੀ। ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਤੇ ਦੋਹਾਂ ਪੱਖਾਂ ਵਿਚਾਲੇ ਲਾਹੌਰ ਵਿਚ ਹੋਈ ਬੈਠਕ ਦੌਰਾਨ ਇਸ ਸੰਬੰਧ ਵਿਚ ਚਰਚਾ ਹੋਈ ਸੀ। ਯਾਤਰਾ ਦੇ ਸ਼ੁਰੂ ਵਿਚ ਭਾਰਤੀ ਨਾਗਰਿਕਾਂ ਨੂੰ ਕੋਰੀਡੋਰ ਕਾਰਡ ਜਾਰੀ ਕੀਤੇ ਜਾਣਗੇ। 

ਇਸ ਦੇ ਇਲਾਵਾ ਸ਼ਰਧਾਲੂਆਂ ਨੂੰ ਪ੍ਰਬੰਧਨ ਕੋਲ ਆਪਣਾ ਪਾਸਪੋਰਟ ਜਮਾਂ ਕਰਵਾਉਣਾ ਹੋਵੇਗਾ ਜੋ ਬਾਅਦ ਵਿਚ ਵਾਪਸੀ ਵੇਲੇ ਉਨ੍ਹਾਂ ਨੂੰ ਦੇ ਦਿੱਤਾ ਜਾਵੇਗਾ। ਬੋਰਡ ਨੇ ਕਿਹਾ ਕਿ ਰੋਜ਼ਾਨਾ 5000 ਸ਼ਰਧਾਲੂ ਗੁਰਦੁਆਰਾ ਸਾਹਿਬ ਜਾਣਗੇ ਅਤੇ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਬੋਰਡ ਨੇ ਅੱਗੇ ਕਿਹਾ ਕਿ ਯਾਤਰੀਆਂ ਨੂੰ ਪਿੱਕ ਐਂਡ ਡ੍ਰਾਪ ਦੀ ਸਹੂਲਤ ਦਿੱਤੀ ਜਾਵੇਗੀ। ਨਾਲ ਹੀ ਮੁਫਤ ਭੋਜਨ ਛਕਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 200 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਰੋਜ਼ਾਨਾ 10 ਲੱਖ ਰੁਪਏ (ਪਾਕਿਸਤਾਨੀ) ਦਾ ਖਰਚਾ ਆਵੇਗਾ।

ਇੱਥੇ ਦੱਸ ਦਈਏ ਕਿ ਭਾਰਤ-ਪਾਕਿਸਤਾਨ ਸੀਮਾ 'ਤੇ ਸਥਿਤ ਕਰਤਾਰਪੁਰ ਕੋਰੀਡੋਰ ਪੰਜਾਬ ਸੂਬੇ ਦੇ ਗੁਰਦਾਸਪੁਰ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਰਸਤਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂ ਆਸਾਨੀ ਨਾਲ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਜਾ ਸਕਣਗੇ।

Vandana

This news is Content Editor Vandana