ਇਮਰਾਨ ਵੱਲੋਂ ਯੁੱਧ ਦੀ ਧਮਕੀ, ਕਿਹਾ-'ਹੁਣ ਭਾਰਤ ਨਾਲ ਗੱਲਬਾਤ ਦਾ ਕੋਈ ਫਾਇਦਾ ਨਹੀਂ'

08/22/2019 2:35:10 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਉਹ ਭਾਰਤ ਨਾਲ ਗੱਲਬਾਤ ਦੀ ਅਪੀਲ ਨਹੀਂ ਕਰਨਗੇ। ਇਸ ਦੇ ਨਾਲ ਹੀ ਇਮਰਾਨ ਨੇ ਕਿਹਾ ਕਿ ਪਰਮਾਣੂ ਸ਼ਕਤੀ ਸੰਪੰਨ ਦੋਹਾਂ ਵਿਚਾਲੇ ਮਿਲਟਰੀ ਸੰਘਰਸ਼ ਦਾ ਖਤਰਾ ਵੱਧਦਾ ਜਾ ਰਿਹਾ ਹੈ। ਵਿਦੇਸ਼ੀ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਵਿਚ ਇਮਰਾਨ ਕਾਨ ਨੇ ਸ਼ਿਕਾਇਤ ਕਰਦਿਆਂ ਕਿਹਾ,''ਉਨ੍ਹਾਂ ਨੇ ਬਾਰ-ਬਾਰ ਗੱਲਬਾਤ ਲਈ ਅਪੀਲ ਕੀਤੀ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਅਪੀਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।''

ਇਮਰਾਨ ਨੇ ਕਿਹਾ,''ਹੁਣ ਭਾਰਤ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮੈਂ ਗੱਲਬਾਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕਰ ਚੁੱਕਾਂ ਹਾਂ। ਬਦਕਿਸਮਤੀ ਨਾਲ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਮੇਰੀ ਸ਼ਾਂਤੀ ਅਤੇ ਗੱਲਬਾਤ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਉਨ੍ਹਾਂ ਨੇ ਤੁਸ਼ਟੀਕਰਨ ਵਿਚ ਵਰਤਿਆ।'' ਉਨ੍ਹਾਂ ਨੇ ਅੱਗੇ ਕਿਹਾ,''ਹੁਣ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ। ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ ਹਨ। ਅਸੀਂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਦੇ ਹਾਂ।''

ਇਮਰਾਨ ਨੇ ਇਕ ਵਾਰ ਫਿਰ ਮੋਦੀ ਨੂੰ ਫਾਸੀਵਾਦੀ ਅਤੇ ਹਿੰਦੂਵਾਦੀ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਉਹ ਕਸ਼ਮੀਰ ਦੀ ਮੁਸਲਿਮ ਬਹੁ ਗਿਣਤੀ ਆਬਾਦੀ ਦਾ ਸਫਾਇਆ ਕਰ ਕੇ ਉਸ ਨੂੰ ਹਿੰਦੂ ਬਹੁ ਗਿਣਤੀ ਇਲਾਕੇ ਵਿਚ ਤਬਦੀਲ ਕਰ ਦੇਣਾ ਚਾਹੁੰਦੇ ਹਨ। ਇਮਰਾਨ ਨੇ ਪ੍ਰੋਪੈਗੈਂਡਾ ਫੈਲਾਉਂਦੇ ਹੋਏ ਕਿਹਾ ਕਿ ਭਾਰਤ ਕਸ਼ਮੀਰ ਵਿਚ ਫਰਜ਼ੀ ਆਪਰੇਸ਼ਨ ਵੀ ਚਲਾ ਸਕਦਾ ਹੈ, ਜਿਸ ਨਾਲ ਪਾਕਿਸਤਾਨ ਵਿਰੁੱਧ ਮਿਲਟਰੀ ਕਾਰਵਾਈ ਲਈ ਉਸ ਨੂੰ ਆਧਾਰ ਮਿਲ ਸਕੇ। ਇਮਰਾਨ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਪਾਕਿਸਤਾਨ ਵੀ ਜਵਾਬ ਦੇਣ ਲਈ ਮਜਬੂਰ ਹੋਵੇਗਾ। 

ਯੁੱਧ ਦੀ ਧਮਕੀ ਦਿੰਦਿਆਂ ਇਮਰਾਨ ਨੇ ਕਿਹਾ ਕਿ ਜਦੋਂ ਦੋ ਪਰਮਾਣੂ ਸ਼ਕਤੀ ਸੰਪੰਨ ਦੇਸ਼ ਆਹਮੋ-ਸਾਹਮਣੇ ਹੋਣਗੇ ਤਾਂ ਕੁਝ ਵੀ ਹੋ ਸਕਦਾ ਹੈ। ਇਮਰਾਨ ਨੇ ਕਿਹਾ,''ਮੇਰੀ ਚਿੰਤਾ ਇਹੀ ਹੈ ਕਿ ਕਸ਼ਮੀਰ ਦੇ ਹਾਲਾਤ ਨਾਲ ਤਣਾਅ ਵੱਧ ਸਕਦਾ ਹੈ। ਦੋਹਾਂ ਦੇਸ਼ਾਂ ਦੇ ਪਰਮਾਣੂ ਸ਼ਕਤੀ ਸੰਪੰਨ ਹੋਣ ਕਾਰਨ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ।''

ਗੌਰਤਲਬ ਹੈ ਇਕ ਇਮਰਾਨ ਦੀ ਆਲੋਚਨਾ ਨੂੰ ਅਮਰੀਕਾ ਵਿਚ ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ,''ਸਾਡਾ ਅਨੁਭਵ ਇਹੀ ਰਿਹਾ ਹੈ ਕਿ ਜਦੋਂ-ਜਦੋਂ ਅਸੀਂ ਸ਼ਾਂਤੀ ਵੱਲ ਕਦਮ ਅੱਗੇ ਵਧਾਇਆ, ਇਹ ਸਾਡੇ ਲਈ ਬੁਰਾ ਸਾਬਤ ਹੋਇਆ। ਅਸੀਂ ਪਾਕਿਸਤਾਨ ਤੋਂ ਅੱਤਵਾਦ ਵਿਰੁੱਧ ਵਿਸ਼ਵਾਸਯੋਗ ਅਤੇ ਠੋਸ ਕਾਰਵਾਈ ਦੀ ਆਸ ਕਰਦੇ ਹਾਂ।''

Vandana

This news is Content Editor Vandana