ਕੁੜੀ ਦੇ ਪਿਆਰ 'ਚ ਪਾਕਿਸਤਾਨ ਪੁੱਜੇ 'ਅੰਸਾਰੀ' ਦੀ ਹੁਣ ਹੋਵੇਗੀ ਭਾਰਤ ਵਾਪਸੀ

12/14/2018 12:21:30 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਉੱਚ ਅਦਾਲਤ ਨੇ ਫੈਡਰਲ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਮੁਤਾਬਕ ਫੈਡਰਲ ਸਰਕਾਰ ਨੂੰ 15 ਦਸੰਬਰ ਨੂੰ 3 ਸਾਲ ਕੈਦ ਦੀ ਸਜ਼ਾ ਪੂਰੀ ਕਰਨ ਜਾ ਰਹੇ ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ ਨੂੰ ਵਾਪਸ ਭੇਜਣ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਮੁੰਬਈ ਨਿਵਾਸੀ ਅੰਸਾਰੀ (33) ਪੇਸ਼ਾਵਰ ਦੀ ਕੇਂਦਰੀ ਜੇਲ ਵਿਚ ਹੈ। ਉਸ ਨੂੰ ਮਿਲਟਰੀ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਨੂੰ ਲੈ ਕੇ 15 ਦਸੰਬਰ, 2015 ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ ਅਫਗਾਨਿਸਤਾਨ ਤੋਂ ਪਾਕਿਸਤਾਨ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ 'ਤੇ ਸਾਲ 2012 ਵਿਚ ਗ੍ਰਿਫਤਾਰ ਕੀਤਾ ਗਿਆ ਸੀ। 

ਉਹ ਕਥਿਤ ਰੂਪ ਨਾਲ ਇਕ ਲੜਕੀ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ ਜਿਸ ਨਾਲ ਉਸ ਦੀ ਆਨਲਾਈਨ ਦੋਸਤੀ ਹੋਈ ਸੀ। ਪੇਸ਼ਾਵਰ ਹਾਈ ਕੋਰਟ ਦੀ ਨਿਆਂਮੂਰਤੀ ਰੂਹੂਲ ਅਮੀਨ ਅਤੇ ਨਿਆਂਮੂਰਤੀ ਕਲੰਦਰ ਅਲੀ ਖਾਨ ਦੀ ਬੈਂਚ ਨੇ ਵੀਰਵਾਰ ਨੂੰ ਅੰਸਾਰੀ ਦੀ ਅਪੀਲ 'ਤੇ ਇਹ ਫੈਸਲਾ ਦਿੱਤਾ। ਪਟੀਸ਼ਨ ਵਿਚ ਕਿਹਾ ਗਿਆ ਕਿ ਫੈਡਰਲ ਸਰਕਾਰ ਨੇ ਅੰਸਾਰੀ ਦੀ ਰਿਹਾਈ ਲਈ ਕੋਈ ਕਦਮ ਨਹੀਂ ਚੁੱਕਿਆ ਹੈ। ਅੰਸਾਰੀ ਦੇ ਵਕੀਲ ਕਾਜ਼ੀ ਮੁਹੰਮਦ ਅਨਵਰ ਨੇ ਕਿਹਾ ਕਿ ਉਨ੍ਹਾਂ ਦੇ ਕਲਾਈਂਟ ਦੀ ਸਜ਼ਾ 15 ਦਸੰਬਰ ਨੂੰ ਖਤਮ ਹੋਵੇਗੀ ਅਤੇ ਉਨ੍ਹਾਂ ਨੂੰ 16 ਦਸੰਬਰ ਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ। ਅਨਵਰ ਨੇ ਬੈਂਚ ਨੂੰ ਦੱਸਿਆ ਕਿ ਭਾਰਤੀ ਨਾਗਰਿਕ ਦੀ ਜੇਲ ਦੀ ਸਜ਼ਾ 2 ਦਿਨ ਵਿਚ ਪੂਰੀ ਹੋਣ ਵਾਲੀ ਹੈ ਪਰ ਗ੍ਰਹਿ ਮੰਤਰਾਲੇ ਅਤੇ ਜੇਲ ਅਧਿਕਾਰੀ ਦੋਵੇਂ ਉਸ ਦੀ ਰਿਹਾਈ ਅਤੇ ਉਸ ਨੂੰ ਵਾਪਸ ਭਾਰਤ ਭੇਜਣ ਦੇ ਮਾਮਲੇ 'ਤੇ ਚੁੱਪ ਹਨ।

Vandana

This news is Content Editor Vandana